ਚੋਰੀ ਦੇ ਟਰੈਕਟਰ ਸਮੇਤ ਵਿਅਕਤੀ ਗ੍ਰਿਫ਼ਤਾਰ

09/21/2017 10:54:25 AM

ਜੈਂਤੀਪੁਰ (ਹਰਬੰਸ) - ਨਜ਼ਦੀਕੀ ਪਿੰਡ ਉਦੋਕੇ ਤੋਂ ਚੋਰੀ ਦੇ ਇਕ ਟਰੈਕਟਰ ਸਮੇਤ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੱਤਵਾਲ ਦੇ ਏ. ਐੱਸ. ਆਈ. ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਪਾਰਟੀ ਸਮੇਤ ਉਦੋਕੇ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਨੌਜਵਾਨ ਟਰੈਕਟਰ 'ਤੇ ਆ ਰਿਹਾ ਸੀ, ਜਦੋਂ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਕੋਲੋਂ ਕਾਗਜ਼ਾਤ ਪੁੱਛੇ ਤਾਂ ਉਕਤ ਟਰੈਕਟਰ ਚੋਰੀ ਦਾ ਨਿਕਲਿਆ। ਉਕਤ ਨੌਜਵਾਨ ਦੀ ਪਛਾਣ ਅਮਰਬੀਰ ਸਿੰਘ ਉਰਫ ਸੋਨੀ ਪੁੱਤਰ ਬੂਟਾ ਸਿੰਘ ਵਾਸੀ ਝਾਮਕਾ ਵਜੋਂ ਹੋਈ ਹੈ। ਇਸ ਮੌਕੇ ਉਕਤ ਨੌਜਵਾਨ ਨੇ ਮੰਨਿਆ ਕਿ ਉਕਤ ਟਰੈਕਟਰ ਉਸ ਨੇ ਜਲੰਧਰ ਤੋਂ ਚੋਰੀ ਕੀਤਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Related News