ਟੋਲ ਪਲਾਜ਼ਾ ''ਤੇ ''ਜਾਮ'', ਵਿਧਾਇਕ ਬੈਂਸ ਨੇ ਬਿਨਾਂ ਪਰਚੀ ਤੋਂ ਲੰਘਾਏ ਲੋਕਾਂ ਦੇ ਵਾਹਨ

06/26/2017 7:55:50 AM

ਕੁਰਾਲੀ  (ਬਠਲਾ) - ਕੁਰਾਲੀ-ਰੂਪਨਗਰ ਕੌਮੀ ਮਾਰਗ 'ਤੇ ਪਿੰਡ ਸੋਲਖੀਆਂ ਦੇ ਟੋਲ ਪਲਾਜ਼ਾ 'ਤੇ ਮਾਹੌਲ ਉਦੋਂ ਗੰਭੀਰ ਹੋ ਗਿਆ, ਜਦੋਂ ਟੋਲ ਪਲਾਜ਼ਾ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗ ਗਈਆਂ ਤੇ ਜਾਮ ਦਾ ਵਿਰੋਧ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਟੋਲ ਬੈਰੀਅਰ ਖੁੱਲ੍ਹਵਾ ਕੇ ਲੋਕਾਂ ਨੂੰ ਬਿਨਾਂ ਟੈਕਸ ਅਦਾਇਗੀ ਤੋਂ ਲੰਘਾਇਆ। ਲੋਕਾਂ ਨੇ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਵੀ ਕੌਮੀ ਮਾਰਗ ਅਥਾਰਟੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ, ਕੌਮੀ ਮਾਰਗ ਅਥਾਰਟੀ ਦਾ ਨੋਟੀਫਿਕੇਸ਼ਨ ਫਲੈਕਸ ਦੇ ਰੂਪ 'ਚ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਲਾਏ ਜਾਣ ਤੇ ਇਸ ਸਬੰਧੀ ਹੋਰਨਾਂ ਥਾਵਾਂ 'ਤੇ ਸੂਚਨਾ ਬੋਰਡ ਲਾਉਣ ਦੀ ਮੰਗ ਕੀਤੀ ਹੈ।
 ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਬੈਂਸ ਕੁਰਾਲੀ ਤੋਂ ਰੂਪਨਗਰ ਵੱਲ ਨੂੰ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਸੋਲਖੀਆਂ ਦੇ ਟੋਲ ਪਲਾਜ਼ਾ 'ਤੇ ਪੁੱਜੇ ਤਾਂ ਤਿੱਖੀ ਧੁੱਪ 'ਚ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਜਾਮ ਵਰਗੀ ਸਥਿਤੀ ਬਣੀ ਦੇਖ ਕੇ ਵਿਧਾਇਕ ਨੇ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਜਾਮ ਨੂੰ ਖੁੱਲ੍ਹਵਾਉਣ ਲਈ ਕਿਹਾ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਮੌਕੇ 'ਤੇ ਹਾਜ਼ਰ ਪ੍ਰਬੰਧਕ ਨੂੰ ਬੁਲਾਇਆ, ਜਿਸ ਨੇ ਵਿਧਾਇਕ ਬੈਂਸ ਅੱਗੇ ਆਪਣਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਜਦੋਂ ਬੈਂਸ ਨੇ ਕੌਮੀ ਮਾਰਗ ਅਥਾਰਟੀ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਗੱਲ ਕੀਤੀ ਤਾਂ ਟੋਲ ਪਲਾਜ਼ੇ ਦਾ ਪ੍ਰਬੰਧਕ ਜਵਾਬ ਨਾ ਦੇ ਸਕਿਆ। ਇਸੇ ਦੌਰਾਨ ਬੈਂਸ ਨੇ ਟੋਲ ਪਲਾਜ਼ਾ ਦੇ ਦੋਵੇਂ ਪਾਸਿਓਂ ਗੇਟ ਖੁੱਲ੍ਹਵਾ ਕੇ ਵਾਹਨਾਂ ਨੂੰ ਬਗੈਰ ਪਰਚੀ ਕਟਵਾਏ ਲੰਘਾਉਣਾ ਸ਼ੁਰੂ ਕਰ ਦਿੱਤਾ।
ਵਿਧਾਇਕ ਵਲੋਂ ਖੁਦ ਟੋਲ ਪਲਾਜ਼ਾ ਤੋਂ ਵਾਹਨਾਂ ਨੂੰ ਲੰਘਾਉਣ ਕਾਰਨ ਕਾਫੀ ਸਮੇਂ ਤੋਂ ਕਤਾਰਾਂ 'ਚ ਖੜ੍ਹੇ ਵਾਹਨ ਸਵਾਰਾਂ ਨੇ ਰਾਹਤ ਮਹਿਸੂਸ ਕੀਤੀ। ਇਸੇ ਦੌਰਾਨ ਬੈਂਸ ਨੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਕੌਮੀ ਮਾਰਗ ਅਥਾਰਟੀ ਵਲੋਂ ਸੜਕਾਂ ਲੋਕਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਹਨ, ਨਾ ਕਿ ਟੋਲ ਦੀ ਪਰਚੀ ਕਟਾਉਣ ਲਈ ਜਾਮ ਲਾ ਕੇ ਪੈਦਾ ਕੀਤੀ ਜਾ ਰਹੀ ਅਸੁਵਿਧਾ ਲਈ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਅਥਾਰਟੀ ਦੇ ਨੋਟੀਫਿਕੇਸ਼ਨ ਅਨੁਸਾਰ ਕਿਸੇ ਵੀ ਵਾਹਨ ਨੂੰ ਜੇਕਰ ਤਿੰਨ ਮਿੰਟ ਤੋਂ ਵੱਧ ਉਡੀਕ ਕਰਨੀ ਪੈਂਦੀ ਹੈ ਜਾਂ ਵਾਹਨਾਂ ਦੀਆਂ ਕਤਾਰਾਂ 100 ਮੀਟਰ ਤੋਂ ਵਧ ਜਾਂਦੀਆਂ ਹਨ ਤਾਂ ਅਸੂਲਣ ਟੋਲ ਬੈਰੀਅਰ ਖੋਲ੍ਹੇ ਜਾਣੇ ਹੁੰਦੇ ਹਨ ਤੇ ਕਿਸੇ ਵੀ ਵਾਹਨ ਤੋਂ ਟੋਲ ਟੈਕਸ ਦੀ ਵਸੂਲੀ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਨਿਯਮ ਦੀ ਜਾਣਕਾਰੀ ਨਾ ਹੋਣ ਕਾਰਨ ਟੋਲ ਪਲਾਜ਼ਿਆਂ 'ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਤੇ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬੈਂਸ ਨੇ ਲੋਕਾਂ ਨੂੰ ਜਾਗਰੂਕ ਹੋਣ ਤੇ ਇਸ ਲੁੱਟ ਖ਼ਿਲਾਫ ਡਟਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਕੌਮੀ ਮਾਰਗ ਦੇ ਸੋਲਖੀਆਂ ਟੋਲ ਪਲਾਜ਼ਾ 'ਤੇ ਅਕਸਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਕਾਫੀ ਸਮਾਂ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।      


Related News