ਸਟੀਰੀਓ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਗੁਆਂਢੀ ਨੇ ਮਹਿਲਾ ਦੇ ਸਿਰ ''ਚ ਮਾਰੀ ਰਾਡ

12/12/2017 6:58:54 AM

ਚੰਡੀਗੜ੍ਹ, (ਸੁਸ਼ੀਲ)- ਕਮਰੇ ਵਿਚ ਚੱਲ ਰਹੇ ਸਟੀਰੀਓ ਦੀ ਆਵਾਜ਼ ਘੱਟ ਕਰਨ ਲਈ ਕਿਹਾ ਤਾਂ ਦੜੂਆ ਵਿਚ ਗੁਆਂਢੀ ਨੇ ਮਹਿਲਾ ਤੇ ਉਸ ਦੇ ਪਰਿਵਾਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਰਾਡ ਲੱਗਣ ਨਾਲ ਮਹਿਲਾ ਦਾ ਸਿਰ ਫਟ ਗਿਆ, ਜਦਕਿ ਮੁਲਜ਼ਮ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਜਤਿੰਦਰ ਨੂੰ ਦਬੋਚ ਲਿਆ। ਨੇਹਾ ਨੇ ਦੋਸ਼ ਲਗਾਇਆ ਕਿ ਜਤਿੰਦਰ ਨੇ ਹਮਲੇ ਸਮੇਂ ਸ਼ਰਾਬ ਪੀਤੀ ਹੋਈ ਸੀ। ਦੜੂਆ ਨਿਵਾਸੀ ਅਖਿਲੇਸ਼ ਝਾਅ ਦੀ ਸ਼ਿਕਾਇਤ 'ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਜਤਿੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ। 
ਦੜੂਆ ਨਿਵਾਸੀ ਅਖਿਲੇਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਦੜੂਆ ਵਿਚ ਰਹਿੰਦਾ ਹੈ। ਐਤਵਾਰ ਨੂੰ ਉਨ੍ਹਾਂ ਦਾ ਗੁਆਂਢੀ ਤੇਜ਼ ਆਵਾਜ਼ ਵਿਚ ਸਟੀਰੀਓ ਵਜਾ ਰਿਹਾ ਸੀ। ਉਨ੍ਹਾਂ ਦੇ ਬੇਟੇ ਚੰਦਨ ਦੀ ਬਹੂ ਨੇਹਾ ਗਾਣਿਆਂ ਦੀ ਆਵਾਜ਼ ਘੱਟ ਕਰਨ ਲਈ ਜਤਿੰਦਰ ਕੋਲ ਗਈ ਤਾਂ ਉਹ ਗਾਲੀ-ਗਲੋਚ ਕਰਨ ਲੱਗਾ। ਨੇਹਾ ਆਪਣੇ ਘਰ ਵਾਪਸ ਆ ਗਈ। ਇੰਨੇ ਵਿਚ ਪਿੱਛੋਂ ਸ਼ਰਾਬ ਦੇ ਨਸ਼ੇ ਵਿਚ ਜਤਿੰਦਰ ਰਾਡ ਲੈ ਕੇ ਆਇਆ ਤੇ ਅੰਦਰ ਦਾਖਲ ਹੋ ਕੇ ਨੇਹਾ ਦੇ ਸਿਰ ਵਿਚ ਮਾਰ ਦਿੱਤੀ। ਇਸ ਦੌਰਾਨ ਕੁੰਦਨ ਤੇ ਅਮਿਤ ਬਚਾਅ ਲਈ ਆਏ ਤਾਂ ਜਤਿੰਦਰ ਨੇ ਉਨ੍ਹਾਂ ਦੇ ਜਬਾੜੇ 'ਤੇ ਰਾਡ ਮਾਰ ਕੇ ਉਨ੍ਹਾਂ ਨੂੰ ਵੀ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਨੇਹਾ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਜਤਿੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ।


Related News