ਜ਼ਮੀਨ ਦੀ ਵੱਟ ਦੇ ਝਗੜੇ ''ਚ 1 ਬੱਚੇ ਸਮੇਤ 3 ਔਰਤਾਂ ਜ਼ਖਮੀ

Monday, July 17, 2017 7:01 AM

    ਸੁਲਤਾਨਪੁਰ ਲੋਧੀ, (ਧੀਰ)- ਪਿੰਡ ਭਰੋਆਣਾ ਵਿਖੇ ਜ਼ਮੀਨ ਦੀ ਵੱਟ ਦੀ ਸਾਂਝ ਸਬੰਧੀ ਪੰਚਾਇਤ ਵਲੋਂ ਫੈਸਲਾ ਕਰਵਾਉਣ ਦੇ ਬਾਅਦ ਘਰ 'ਚ ਦਾਖਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤਿੰਨ ਔਰਤਾਂ ਤੇ ਇਕ ਬੱਚੇ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਵੱਢਣ ਤੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਜ਼ੇਰੇ ਇਲਾਜ ਮਨਜੀਤ ਕੌਰ ਦੇ ਪਤੀ ਨਿਸ਼ਾਨ ਸਿੰਘ ਭਰੋਆਣਾ ਨੇ ਦੱਸਿਆ ਕਿ ਉਸਦਾ ਪਿੰਡ 'ਚ ਹੀ ਆਪਣੀ ਜ਼ਮੀਨ ਦੀ ਵੱਟ ਦੇ ਕਾਰਨ ਝਗੜਾ ਚਲਾ ਆ ਰਿਹਾ ਸੀ, ਜਿਸ ਸੰਬੰਧੀ ਪੰਚਾਇਤ ਨੇ ਫੈਸਲਾ ਵੀ ਕਰਵਾ ਦਿੱਤਾ ਸੀ ਪਰ ਅੱਜ ਜਦੋਂ ਮੈਂ ਤੇ ਮੇਰਾ ਬੇਟਾ ਸੁਖਵਿੰਦਰ ਸਿੰਘ ਖੇਤਾਂ 'ਚ ਕੰਮ ਕਰਨ ਗਏ ਹੋਏ ਸਨ ਤਾਂ ਪਿੰਡ ਦੇ ਹੀ ਗੁਰਦੇਵ ਸਿੰਘ ਤੇ ਉਸਦੇ ਦੋਵੇਂ ਪੁੱਤਰਾਂ ਨੇ ਕੰਧ ਟੱਪ ਕੇ ਘਰ 'ਚ ਦਾਖਲ ਹੋ ਕੇ ਘਰ 'ਚ ਇੱਕਲੀਆਂ ਔਰਤਾਂ ਨੂੰ ਵੇਖ ਕੇ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰ ਨਾਲ ਵੱਢਿਆ ਤੇ ਜ਼ਖ਼ਮੀ ਕਰ ਦਿੱਤਾ। ਜਿਸ 'ਚ ਮੇਰੀ ਪਤਨੀ ਮਨਜੀਤ ਕੌਰ ਤੋਂ ਇਲਾਵਾ ਦੋ ਨੂੰਹਾਂ ਗੁਰਜੀਤ ਕੌਰ ਪਤਨੀ ਸੁਖਵਿੰਦਰ ਸਿੰਘ, ਮਨਦੀਪ ਕੌਰ ਪਤਨੀ ਦਵਿੰਦਰ ਸਿੰਘ ਤੇ ਪੋਤਰੇ ਦਿਲਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਉਮਰ 9 ਸਾਲ ਨੂੰ ਵੀ ਜ਼ਖ਼ਮੀ ਕੀਤਾ। ਉਨ੍ਹਾਂ ਦੱਸਿਆ ਕਿ ਖੂਨ ਨਾਲ ਬੁਰੀ ਤਰ੍ਹਾਂ ਲੱਥਪੱਥ ਔਰਤਾਂ ਤੇ ਬੱਚੇ ਨੂੰ ਅਸੀਂ ਸਿਵਲ ਹਸਪਤਾਲ ਵਿਖੇ ਲੈ ਕੇ ਦਾਖਲ ਕਰਵਾਇਆ ਤੇ ਇਸ ਸਬੰਧੀ ਤੁਰੰਤ ਥਾਣਾ ਕਬੀਰਪੁਰ ਵਿਖੇ ਸੂਚਨਾ ਦੇ ਦਿੱਤੀ। 
    ਇਸ ਸਬੰਧੀ ਥਾਣਾ ਕਬੀਰਪੁਰ ਦੇ ਐੱਸ. ਐੱਚ. ਓ. ਇੰਸ. ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਏ. ਐੱਸ. ਆਈ. ਰਣਜੀਤ ਸਿੰਘ ਨੇ ਜ਼ਖ਼ਮੀ ਔਰਤਾਂ ਦੇ ਬਿਆਨ ਲੈ ਕੇ ਗੁਰਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਦੇਵ ਸਿੰਘ ਪੁੱਤਰ ਦੀਵਾਨ ਸਿੰਘ, ਗੁਰਪ੍ਰਤਾਪ ਸਿੰਘ ਪੁੱਤਰ ਗੁਰਦੇਵ ਸਿੰਘ, ਜਗਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਾਰੇ ਭਰੋਆਣਾ ਵਿਰੁੱਧ ਕੇਸ ਦਰਜ ਕਰਕੇ ਜਗਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।