ਕਰਿਆਨਾ ਸਟੋਰ ''ਚੋਂ ਹਜ਼ਾਰਾਂ ਦਾ ਸਾਮਾਨ ਚੋਰੀ

08/17/2017 3:13:28 AM

ਮੰਡੀ ਘੁਬਾਇਆ,   (ਕੁਲਵੰਤ)—  ਇਲਾਕੇ 'ਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਦਾ ਵੱਡਾ ਕਾਰਨ ਨਸ਼ਿਆਂ 'ਚ ਹੋ ਰਹੇ ਵਾਧੇ ਨੂੰ ਮੰਨਿਆ ਜਾ ਰਿਹਾ ਹੈ। ਇਸੇ ਤਹਿਤ ਹੀ ਨਜ਼ਦੀਕੀ ਪਿੰਡ ਸੁਖੇਰਾ ਬੋਦਲਾਂ 'ਚ ਓਮ ਕਰਿਆਨਾ ਸਟੋਰ 'ਤੇ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਸੁਖੇਰਾ ਬੋਦਲਾਂ ਦੇ ਬੱਸ ਅੱਡੇ 'ਤੇ ਸਥਿਤ ਓਮ ਕਰਿਆਨਾ ਸਟੋਰ ਦੇ ਮਾਲਕ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10 ਵਜੇ ਆਪਣੀ ਦੁਕਾਨ ਬੰਦ ਕਰ ਕੇ ਪਿੰਡ 'ਚ ਹੀ ਪੈਂਦੇ ਘਰ ਚਲਾ ਗਿਆ ਸੀ ਪਰ ਜਦੋਂ ਉਹ ਸਵੇਰੇ 6 ਵਜੇ ਦੁਕਾਨ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਵਾਟਰ ਕੂਲਰ ਇਕ ਮੇਜ਼ 'ਤੇ ਰੱਖਿਆ ਹੋਇਆ ਸੀ ਤੇ ਦੁਕਾਨ 'ਚ ਪਿਆ ਸਾਮਾਨ ਖਿਲਰਿਆ ਹੋਇਆ ਸੀ ਤੇ ਜਦੋਂ ਉਸ ਨੇ ਦੁਕਾਨ ਦੀ ਛੱਤ 'ਤੇ ਦੇਖਿਆ ਤਾਂ ਛੱਤ ਦੀਆਂ ਟਾਈਲਾਂ ਪੁੱਟੀਆਂ ਹੋਈਆਂ ਸਨ, ਜਿਥੋਂ ਚੋਰ ਦਾਖ਼ਲ ਹੋਏ ਸਨ। ਦੁਕਾਨ 'ਚੋਂ ਤੇਲ, ਘਿਓ, ਪੱਤੀ, ਮਨਿਆਰੀ ਦਾ ਸਾਮਾਨ ਆਦਿ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ, ਜਿਸ ਦੀ ਕੀਮਤ 20-25 ਹਜ਼ਾਰ ਦੇ ਕਰੀਬ ਬਣਦੀ ਹੈ ਤੇ ਚੋਰ ਗੱਲੇ 'ਚ ਪਏ 250-300 ਦੇ ਸਿੱਕੇ ਤੇ ਪਰਚੀਆਂ ਵੀ ਲੈ ਗਏ।
ਮੌਕੇ 'ਤੇ ਹਾਜ਼ਰ ਓਮ ਪ੍ਰਕਾਸ਼, ਸਵਰਨ ਸਿੰਘ, ਸਲਵਿੰਦਰ ਸਿੰਘ, ਸੋਨੂੰ, ਅਸ਼ੋਕ ਕੁਮਾਰ ਆਦਿ ਨੇ ਦੱਸਿਆ ਕਿ ਅੱਡੇ 'ਤੇ ਕੁਝ ਦਿਨ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਪਰ ਫਿਰ ਵੀ ਪੁਲਸ ਵੱਲੋਂ ਚੋਰਾਂ 'ਤੇ ਨਕੇਲ ਨਹੀਂ ਪਾਈ ਗਈ। ਉਨ੍ਹਾਂ ਦੱਸਿਆ ਕਿ ਇਲਾਕੇ 'ਚ ਪੰਜਾਬ ਸਰਕਾਰ ਵੱਲੋਂ ਭਾਵੇਂ ਨਸ਼ਿਆਂ 'ਤੇ ਲਗਾਮ ਲਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਲਾਕੇ 'ਚ ਪਹਿਲਾਂ ਨਾਲੋਂ ਨਸ਼ਿਆਂ 'ਚ ਵਾਧਾ ਹੋਇਆ ਹੈ ਤੇ ਨਸ਼ਿਆਂ ਦੀ ਪੂਰਤੀ ਲਈ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਸਬੰਧੀ ਸਦਰ ਥਾਣਾ ਜਲਾਲਾਬਾਦ ਦੀ ਪੁਲਸ ਨੂੰ ਦਰਖਾਸਤ ਦੇ ਦਿੱਤੀ ਹੈ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਤੇ ਨਸ਼ਿਆਂ 'ਤੇ ਜਲਦ ਤੋਂ ਜਲਦ ਲਗਾਮ ਕਸੀ ਜਾਵੇ।


Related News