ਚੋਰ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

08/17/2017 3:53:12 AM

ਮਾਹਿਲਪੁਰ, (ਜ.ਬ.)- ਸਥਾਨਕ ਵਾਰਡ ਨੰਬਰ 3 'ਚ ਚੋਰਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਰੋਹਿਤ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਭਵਾਨੀ ਨਗਰ ਹੁਸ਼ਿਆਰਪੁਰ ਨੇ ਮਾਹਿਲਪੁਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਸਟਰ ਕੁਲਦੀਪ ਸਿੰਘ ਦੇ ਘਰ ਵਾਰਡ ਨੰਬਰ 3 ਨੇੜੇ ਸ਼ਹੀਦਾਂ ਰੋਡ ਸਟੇਡੀਅਮ ਮਾਹਿਲਪੁਰ ਵਿਖੇ ਆਪਣੇ ਪਰਿਵਾਰ ਸਮੇਤ 
ਰਹਿ ਰਿਹਾ ਹੈ। 
ਬੀਤੀ ਰਾਤ ਉਹ ਆਪਣੇ ਬੀਮਾਰ ਬੱਚੇ ਦੀ ਦਵਾਈ ਲੈ ਕੇ ਮਾਹਿਲਪੁਰ ਹੀ ਆਪਣੇ ਸਹੁਰੇ ਘਰ ਰੁਕ ਗਏ। ਜਦੋਂ ਸਵੇਰੇ ਉਨ੍ਹਾਂ ਆਪਣੇ ਘਰ ਪਹੁੰਚ ਕੇ ਦੇਖਿਆ ਤਾਂ ਘਰ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਚੋਰ ਅੰਦਰੋਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰ ਕੇ ਸਾਢੇ 7 ਲੱਖ ਰੁਪਏ ਦੇ ਗਹਿਣੇ ਤੇ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ ਸਨ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News