ਦਵਾਈਆਂ ਦੀ ਕੋਈ ਘਾਟ ਨਹੀਂ ਪਰ ਮਰੀਜ਼ਾਂ ਨੂੰ ਮਿਲਦੀਆਂ ਵੀ ਨਹੀਂ

06/26/2017 12:52:32 AM

ਸੰਗਰੂਰ,   (ਬਾਵਾ)- ਰਿਆਸਤੀ ਸ਼ਹਿਰ ਸੰਗਰੂਰ ਦਾ ਸਿਵਲ ਹਸਪਤਾਲ ਜ਼ਿਲੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਸ ਹਸਪਤਾਲ ਵਿਚ ਜ਼ਿਲੇ ਦੇ ਹਰ ਕੋਨੇ ਤੋਂ ਮਰੀਜ਼ ਇਲਾਜ ਲਈ ਪਹੁੰਚ ਰਹੇ ਹਨ। ਹਸਪਤਾਲ ਵਿਚ ਮਾਹਰ ਡਾਕਟਰ ਹੋਣ ਕਾਰਨ ਸਵੇਰੇ ਤੋਂ ਹੀ ਓ. ਪੀ. ਡੀ. ਅੱਗੇ ਭੀੜ ਲੱਗੀ ਰਹਿੰਦੀ ਹੈ ਅਤੇ ਸਰਕਾਰੀ ਦਵਾਈਆਂ ਦੀ ਵੀ ਕੋਈ ਘਾਟ ਨਹੀਂ ਹੈ। ਪੀਲੀਏ ਦੀ ਦਵਾਈ ਹਸਪਤਾਲ ਵਿਚੋਂ ਮੁਫਤ ਮਿਲਣ ਕਾਰਨ ਜ਼ਿਲੇ ਵਿਚਲੇ ਪੀਲੀਏ ਦੇ ਮਰੀਜ਼ ਦਵਾਈ ਲੈਣ ਲਈ ਲੰਮੀਆਂ-ਲੰਮੀਆਂ ਕਤਾਰਾਂ ਵਿਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਵੇਖੇ ਜਾ ਸਕਦੇ ਹਨ। ਹਸਪਤਾਲ ਦੇ ਬੰਦ ਹੋਣ ਤੋਂ ਬਾਅਦ ਵੀ ਪੀਲੀਏ ਦੇ ਪੀੜਤਾਂ ਨੂੰ ਦਵਾਈ ਮਿਲਦੀ ਰਹਿੰਦੀ ਹੈ। ਐਮਰਜੈਂਸੀ ਵਿਭਾਗ ਵਿਚ ਪੀੜਤ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਲਈ ਪੂਰੀਆਂ ਦਵਾਈਆਂ ਦਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਗਾਇਨੀ ਵਾਰਡ ਵਿਚ ਜਣੇਪੇ ਲਈ ਆਈਆਂ ਔਰਤਾਂ ਦੀ ਹਰ ਤਰ੍ਹਾਂ ਦੀ ਦਵਾਈ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਹੀ ਆਪ੍ਰੇਸ਼ਨ ਥਿਏਟਰ ਵਿਚ ਆਪ੍ਰੇਟ ਹੋਣ ਵਾਲੇ ਮਰੀਜ਼ਾਂ ਤੋਂ ਬਾਹਰੋਂ ਦਵਾਈ ਨਹੀਂ ਮੰਗਵਾਈ ਜਾਂਦੀ। ਇਹ ਦਵਾਈ ਵੀ  ਹਸਪਤਾਲ 'ਚੋਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ।
ਹਸਪਤਾਲ 'ਚ ਦਵਾਈ ਮਿਲਣ ਦੀ ਜ਼ਮੀਨੀ ਹਕੀਕਤ : ਸਿਵਲ ਹਸਪਤਾਲ ਵਿਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਲਿਖੀ ਜਾਂਦੀ ਮੁਫਤ ਮਿਲਣ ਵਾਲੀ ਦਵਾਈ ਦੀ ਹਕੀਕਤ ਜਾਣਨ ਲਈ ਜਦੋਂ ਮੁਫਤ ਦਵਾਈ ਮਿਲਣ ਵਾਲੇ ਸਥਾਨ 'ਤੇ ਜਾ ਕੇ ਵੇਖਿਆ ਗਿਆ ਤਾਂ ਹਕੀਕਤ ਕੁਝ ਹੋਰ ਹੀ ਸਾਹਮਣੇ ਆਈ। ਦਵਾਈ ਲੈਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਦੱਸਿਆ ਕਿ ਇਥੇ ਮਿਲਣ ਵਾਲੀ ਦਵਾਈ ਤਾਂ ਡਾਕਟਰ ਸਾਹਿਬ ਨੇ ਲਿਖੀ ਹੀ ਨਹੀਂ। ਆਪਣੀ ਬੀਮਾਰ ਪਤਨੀ ਲਈ ਦਵਾਈ ਲੈਣ ਆਏ ਬਜ਼ੁਰਗ ਨੇ ਦੱਸਿਆ ਕਿ ਜੋ ਦਵਾਈ ਡਾਕਟਰ ਸਾਹਿਬ ਵੱਲੋਂ ਲਿਖੀ ਗਈ ਹੈ, ਉਹ ਦਵਾਈ ਖਤਮ ਹੋ ਗਈ ਹੈ। ਡਾਕਟਰ ਨੇ ਚਾਰ ਦਵਾਈਆਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਕੋਈ ਦਵਾਈ ਇਥੋਂ ਨਹੀਂ ਦਿੱਤੀ ਗਈ। ਆਪਣੇ ਵਾਰਸ ਲਈ ਦਵਾਈ ਲੈਣ ਆਏ ਇਕ ਨੌਜਵਾਨ ਨੇ ਦੱਸਿਆ ਕਿ ਡਾਕਟਰ ਵੱਲੋਂ ਲਿਖੀ ਗਈ ਕੋਈ ਦਵਾਈ ਇਥੇ ਮੌਜੂਦ ਨਹੀਂ ਹੈ। ਮਾਯੂਸੀ ਦੇ ਆਲਮ ਵਿਚ ਗੁੱਸੇ ਨਾਲ ਪਰਚੀ ਫੜ ਕੇ ਇਕ ਹੋਰ ਨੌਜਵਾਨ ਨੇ ਸਿਆਸੀ ਲੋਕਾਂ 'ਤੇ ਗੁੱਸਾ ਕੱਢਦਿਆਂ ਕਿਹਾ ਕਿ ਸਾਰੀਆਂ ਦਵਾਈਆਂ ਆਪ ਹੀ ਖਾ ਜਾਂਦੇ ਹਨ, ਕਿਸੇ ਨੂੰ ਕੁਝ ਨਹੀਂ ਦਿੰਦੇ। ਡਾਕਟਰ ਨੇ 5 ਦਵਾਈਆਂ ਲਿਖੀਆਂ ਹਨ ਪਰ ਹਸਪਤਾਲ ਵਿਚੋਂ ਸਿਰਫ ਇਕ ਦਵਾਈ ਦਾ ਪੱਤਾ ਹੀ ਦਿੱਤਾ ਗਿਆ ਹੈ, ਬਾਕੀ ਸਭ ਦਵਾਈਆਂ ਮੈਡੀਕਲ ਸਟੋਰ ਤੋਂ ਲੈਣੀਆਂ ਪੈਣਗੀਆਂ।


Related News