ਹਵਾਈ ਸਫਰ ਦੌਰਾਨ ਬੈਗਾਂ ''ਚੋਂ ਕੀਮਤੀ ਸਾਮਾਨ ਚੋਰੀ ਕਰਨ ਵਾਲਾ ਗਿਰੋਹ ਸਰਗਰਮ

12/12/2017 8:48:57 AM

ਸਮਰਾਲਾ (ਗਰਗ, ਬੰਗੜ) : ਪਿਛਲੇ ਕੁਝ ਸਮੇਂ ਤੋਂ ਹਵਾਈ ਸਫਰ ਦੌਰਾਨ ਯਾਤਰੀਆਂ ਦਾ ਕੀਮਤੀ ਸਾਮਾਨ ਚੋਰੀ ਕਰ ਲੈਣ ਵਾਲੇ ਗਿਰੋਹ ਦੇ ਕਾਰਨਾਮੇ ਸੋਸ਼ਲ ਮੀਡੀਆ 'ਤੇ ਉਜਾਗਰ ਹੋ ਚੁੱਕੇ ਹਨ ਪਰ ਚੋਰੀ ਦੇ ਧੰਦੇ ਨੂੰ ਪ੍ਰਮਾਣਤਾ ਅੱਜ ਉਸ ਵੇਲੇ ਮਿਲ ਗਈ, ਜਦੋਂ ਅਮਰੀਕਾ ਤੋਂ ਪੰਜਾਬ ਪਰਤੀ ਜ਼ਿਲਾ ਲੁਧਿਆਣਾ ਦੀ ਇਕ ਲੜਕੀ ਦੇ ਬੈਗ ਵਿਚੋਂ ਹੈਰਾਨੀਜਨਕ ਢੰਗ ਨਾਲ ਕੀਮਤੀ ਸਾਮਾਨ ਗਾਇਬ ਹੋ ਗਿਆ। ਹੋਇਆ ਇੰਝ ਕਿ ਜਿਸ ਬੈਗ ਵਿਚੋਂ ਸਾਮਾਨ ਗਾਇਬ ਹੋਇਆ, ਉਹ ਬੈਗ ਪਹਿਲਾਂ ਜਹਾਜ਼ ਵਿਚ ਗੁੰਮ ਹੋਇਆ, ਜਿਸਦਾ ਪਤਾ ਸਬੰਧਤ ਲੜਕੀ ਨੂੰ ਦਿੱਲੀ ਏਅਰਪੋਰਟ ਪਹੁੰਚਣ 'ਤੇ ਲੱਗਿਆ। ਇਹ ਜਾਣਕਾਰੀ ਦਿੰਦਿਆਂ ਪਿੰਡ ਮੁਸ਼ਕਾਬਾਦ ਦੀ ਲੜਕੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਵਲੋਂ ਗਾਇਬ ਹੋਏ ਬੈਗ ਦੀ ਸ਼ਿਕਾਇਤ ਦਿੱਲੀ ਏਅਰਪੋਰਟ 'ਤੇ ਹੀ ਏਅਰਲਾਈਨਜ਼ ਦੇ ਅਧਿਕਾਰੀਆਂ ਨੂੰ ਕੀਤੀ ਗਈ, ਜਿਨ੍ਹਾਂ ਵਲੋਂ ਅੱਜ ਵਾਅਦੇ ਮੁਤਾਬਕ ਇਹ ਬੈਗ ਉਸਦੇ ਘਰ ਭੇਜਿਆ ਗਿਆ, ਜਿਸ ਵਿਚੋਂ ਅੱਧੇ ਤੋਂ ਵੱਧ ਕੀਮਤੀ ਸਾਮਾਨ ਗਾਇਬ ਸੀ। ਲੜਕੀ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਹੋਣ ਵਾਲੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲੁਫਥਾਂਸਾ ਏਅਰਲਾਈਨਜ਼ ਰਾਹੀਂ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਤੋਂ ਰਵਾਨਾ ਹੋ ਕੇ ਪਹਿਲਾਂ ਜਰਮਨ ਪੁੱਜੀ ਅਤੇ ਉਸ ਤੋਂ ਬਾਅਦ 8 ਦਸੰਬਰ ਦੀ ਰਾਤ ਨੂੰ ਕਰੀਬ 1 ਵਜੇ ਦਿੱਲੀ ਏਅਰਪੋਰਟ 'ਤੇ ਉਤਰੀ ਸੀ, ਜਿਥੇ ਉਸਨੂੰ ਲੁਫਥਾਂਸਾ ਏਅਰਲਾਈਨਜ਼ ਵਲੋਂ ਇਕ ਬੈਗ ਘੱਟ ਦਿੱਤਾ ਗਿਆ। ਗੁੰਮ ਹੋਏ ਬੈਗ ਸਬੰਧੀ ਉਸਨੇ ਏਅਰਲਾਈਨਜ਼ ਦੇ ਦਫਤਰ 'ਚ ਬੈਠੇ ਅਧਿਕਾਰੀਆਂ ਨਾਲ ਗੱਲ ਕਰਕੇ ਆਪਣਾ ਇਤਰਾਜ਼ ਜ਼ਾਹਿਰ ਕੀਤਾ, ਅੱਗੋਂ ਅਧਿਕਾਰੀਆਂ ਨੇ ਲਿਖਤੀ ਰੂਪ ਵਿਚ ਉਸ ਨਾਲ 24 ਘੰਟੇ 'ਚ ਬੈਗ ਉਸਦੇ ਘਰ ਪਹੁੰਚਾਉਣ ਦਾ ਵਾਅਦਾ ਕੀਤਾ। ਵਾਅਦੇ ਮੁਤਾਬਕ ਅੱਜ ਤੀਜੇ ਦਿਨ ਇਕ ਵਿਅਕਤੀ ਵਰ੍ਹਦੇ ਮੀਂਹ ਵਿਚ ਉਸਦਾ ਗੁੰਮ ਹੋਇਆ ਬੈਗ ਲੈ ਕੇ ਉਨ੍ਹਾਂ ਦੇ ਘਰ ਪੁੱਜਾ ਅਤੇ ਜਦੋਂ ਉਨ੍ਹਾਂ ਵਲੋਂ ਡਲਿਵਰੀਮੈਨ ਨੂੰ ਬੈਗ ਦਾ ਸਾਮਾਨ ਚੈੱਕ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਵਿਚੋਂ ਅੱਧੇ ਤੋਂ ਵੱਧ ਕੀਮਤੀ ਸਾਮਾਨ ਗਾਇਬ ਪਾਇਆ ਗਿਆ। ਦੁਖੀ ਹੋਈ ਸੰਦੀਪ ਕੌਰ ਨੇ ਕਿਹਾ ਕਿ ਜੇਕਰ ਏਅਰਲਾਈਨਜ਼ ਵਲੋਂ ਉਸਦੇ ਗਾਇਬ ਹੋਏ ਸਾਮਾਨ ਦੀ ਪੂਰਤੀ ਨਾ ਕੀਤੀ ਗਈ ਤਾਂ ਉਹ ਮਾਨਯੋਗ ਅਦਾਲਤ 'ਚ ਅਪੀਲ ਕਰੇਗੀ ਅਤੇ ਆਪਣਾ ਹੱਕ ਪ੍ਰਾਪਤ ਕਰੇਗੀ।
ਪੌਣੇ 26 ਕਿਲੋ ਦਾ ਬੈਗ ਘਟ ਕੇ ਬਣਿਆ 7 ਕਿਲੋ
ਅਮਰੀਕਾ ਤੋਂ ਆਈ ਸੰਦੀਪ ਕੌਰ ਨੇ ਦੱਸਿਆ ਕਿ ਏਅਰਲਾਈਨਜ਼ 'ਚ ਗੁੰਮ ਹੋਏ ਬੈਗ ਦਾ ਵਜ਼ਨ ਜਹਾਜ਼ ਵਿਚ ਰੱਖਣ ਮੌਕੇ 25 ਕਿਲੋ 700 ਗ੍ਰਾਮ ਸੀ, ਇਹ ਵਜ਼ਨ ਨਿਯਮਾਂ ਤੋਂ ਵੱਧ ਹੋਣ ਕਰਕੇ ਏਅਰਲਾਈਨਜ਼ ਵਲੋਂ ਉਸ ਕੋਲੋਂ ਵਾਧੂ ਖਰਚਾ ਵੀ ਲਿਆ ਗਿਆ ਸੀ ਪਰ ਅੱਜ ਜਦੋਂ ਡਲਿਵਰੀ ਲੈਣ ਸਮੇਂ ਬੈਗ ਦਾ ਵਜ਼ਨ ਚੈੱਕ ਕੀਤਾ ਗਿਆ ਤਾਂ ਉਹ ਸਿਰਫ 7 ਕਿਲੋ ਹੀ ਸੀ। ਇਸ ਸਬੰਧੀ ਇਤਰਾਜ਼ ਜਤਾਉਣ 'ਤੇ ਡਲਿਵਰੀਮੈਨ ਵਲੋਂ ਪਰਿਵਾਰ ਨੂੰ ਲਿਖਤੀ ਰੂਪ ਵਿਚ ਇਹ ਲਿਖ ਕੇ ਦਿੱਤਾ ਗਿਆ ਹੈ ਕਿ ਇਸ ਵਿਚੋਂ ਸਾਮਾਨ ਨਿਕਲਿਆ ਹੋਇਆ ਹੈ। 
...ਅਖੇ, ਸਾਡਾ ਕੰਮ ਤਾਂ ਸਿਰਫ ਡਲਿਵਰੀ ਦੇਣਾ ਹੈ
ਡਲਿਵਰੀ ਦੇਣ ਵਾਲੀ ਕੰਪਨੀ ਨਰਾਇਣ ਲਜਿਸਟਿਕ ਦੇ ਇੰਚਾਰਜ ਵਿਜੈ ਕਥੂਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, ''ਸਾਡਾ ਕੰਮ ਏਅਰਲਾਈਨਜ਼ ਵਲੋਂ ਦਿੱਤਾ ਬੈਗ ਜਾਂ ਨਗ ਪਾਰਟੀ ਤਕ ਪਹੁੰਚਾਉਣਾ ਹੁੰਦਾ ਹੈ, ਉਸ ਵਿਚ ਕੀ ਹੁੰਦਾ ਹੈ ਤੇ ਕਿੰਨਾ ਵਜ਼ਨ ਹੁੰਦਾ ਹੈ, ਇਸ ਨਾਲ ਸਾਡਾ ਕੋਈ ਸਬੰਧ ਨਹੀਂ ਹੁੰਦਾ, ਇਸਦੇ ਲਈ ਲੁਫਥਾਂਸਾ ਏਅਰਲਾਈਨਜ਼ ਨਾਲ ਸੰਪਰਕ ਕਰੋ।'' ਜਦੋਂ ਲੁਫਥਾਂਸਾ ਏਅਰਲਾਈਨਜ਼ ਦੇ ਦਫਤਰ ਫੋਨ ਲਗਾ ਕੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ


Related News