ਇਲੈਕਟ੍ਰਾਨਿਕਸ ਸ਼ੋਅਰੂਮ ''ਚੋਂ ਚੋਰ 12 ਐੱਲ. ਸੀ. ਡੀਜ਼ ਲੈ ਕੇ ਫਰਾਰ

10/18/2017 4:14:37 AM

ਜਗਰਾਓਂ(ਜਸਬੀਰ ਸ਼ੇਤਰਾ)-ਇਥੇ ਤਹਿਸੀਲ ਰੋਡ 'ਤੇ ਸਥਿਤ ਇਲੈਕਟ੍ਰਾਨਿਕਸ ਸਾਮਾਨ ਦੇ ਸ਼ੋਅਰੂਮ ਈਕੋ ਸੇਲਜ਼ 'ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਨੇ 12 ਐੱਲ. ਸੀ. ਡੀਜ਼ ਤੇ ਕੁਝ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਨਾਲ ਦੀਆਂ 2 ਦੁਕਾਨਾਂ ਦੇ ਜਿੰਦਰੇ ਭੰਨਣ ਦੀ ਵੀ ਕੋਸ਼ਿਸ਼ ਕੀਤੀ। ਚੋਰੀ ਸਬੰਧੀ ਪਤਾ ਅੱਜ ਸਵੇਰੇ ਉਸ ਸਮੇਂ ਲੱਗਾ, ਜਦੋਂ ਦੁਕਾਨ ਮਾਲਕ ਵਰੁਣ ਗੋਇਲ ਨੇ ਆ ਕੇ ਦੁਕਾਨ ਖੋਲ੍ਹੀ। ਜਾਣਕਾਰੀ ਅਨੁਸਾਰ ਚੋਰ ਛੱਤ ਦੀਆਂ ਪੌੜੀਆਂ, ਜੋ ਦੁਕਾਨ ਦੇ ਅੰਦਰ ਪਿਛਲੇ ਪਾਸੇ ਉਤਰਦੀਆਂ ਹਨ, ਰਾਹੀਂ ਦੁਕਾਨ 'ਚ ਦਾਖਲ ਹੋਏ। ਇੰਝ ਜਾਪਦਾ ਹੈ ਕਿ ਜਿਵੇਂ ਚੋਰਾਂ ਨੂੰ ਦੁਕਾਨ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਥਿਤੀ ਦੀ ਜਾਣਕਾਰੀ ਸੀ ਕਿਉਂਕਿ ਉਨ੍ਹਾਂ ਤਿੰਨ-ਚਾਰ ਕੈਮਰਿਆਂ ਦੀਆਂ ਤਾਰਾਂ ਵੀ ਕੱਟੀਆਂ। ਇਸ ਦੇ ਬਾਵਜੂਦ ਉਹ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਪਰ ਇਨ੍ਹਾਂ ਦੇ ਮੂੰਹ ਢਕੇ ਹੋਏ ਸਨ, ਜਿਸ ਕਰਕੇ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਵਰੁਣ ਗੋਇਲ ਨੇ ਦੱਸਿਆ ਕਿ ਅਜੇ ਜੂਨ 'ਚ ਵੀ ਦੁਕਾਨ ਅੰਦਰ ਚੋਰੀ ਹੋਣ ਕਰ ਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਹ ਚਾਰ ਮਹੀਨਿਆਂ 'ਚ ਉਨ੍ਹਾਂ ਦੀ ਦੁਕਾਨ 'ਚ ਦੂਜੀ ਵੱਡੀ ਚੋਰੀ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ ਸਮੇਂ ਸ਼ੋਅਰੂਮ ਨੂੰ ਜਿੰਦਰੇ ਲਵਾ ਕੇ ਘਰ ਗਏ ਤੇ ਅੱਜ ਸਵੇਰੇ ਜਦੋਂ ਸ਼ੋਅਰੂਮ ਖੋਲ੍ਹਿਆ ਤਾਂ ਚੋਰੀ ਬਾਰੇ ਪਤਾ ਲੱਗਾ। ਮੌਕੇ 'ਤੇ ਡੀ. ਐੱਸ. ਪੀ. (ਡੀ) ਸਤਨਾਮ ਸਿੰਘ, ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ, ਬੱਸ ਅੱਡਾ ਚੌਕੀ ਇੰਚਾਰਜ ਤਰਸੇਮ ਲਾਲ ਪਹੁੰਚੇ ਹੋਏ ਸਨ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇਖਣ ਉਪਰੰਤ ਕਬਜ਼ੇ 'ਚ ਲੈ ਲਈ। ਥਾਣਾ ਸਿਟੀ ਇੰਚਾਰਜ ਨੇ ਦੱਸਿਆ ਕਿ ਦੁਕਾਨ ਮਾਲਕ ਨੇ ਹਾਲੇ ਚੋਰੀ ਹੋਏ ਸਾਮਾਨ ਦੀ ਕੀਮਤ ਨਹੀਂ ਦੱਸੀ ਤੇ ਚੋਰੀ ਦੇ ਸਾਮਾਨ ਦਾ ਪੂਰਾ ਵੇਰਵਾ ਦੇਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਜਾਵੇਗਾ। ਬੱਸ ਅੱਡਾ ਚੌਕੀ ਇੰਚਾਰਜ ਏ .ਐੱਸ. ਆਈ. ਤਰਸੇਮ ਲਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


Related News