ਔਰਤ ਨੇ ਲਾਇਆ ਗੁਆਂਢੀਆਂ ''ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼

10/18/2017 2:28:38 AM

ਮੋਗਾ,   (ਆਜ਼ਾਦ)-  ਜ਼ਿਲੇ ਦੇ ਪਿੰਡ ਦਾਤਾ (ਧਰਮਕੋਟ) ਨਿਵਾਸੀ ਸਿਮਰਨਜੀਤ ਕੌਰ ਨੇ ਪਿੰਡ ਦੇ ਕੁਝ ਵਿਅਕਤੀਆਂ 'ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। 
ਇਸ ਸਬੰਧੀ ਉਨ੍ਹਾਂ ਆਪਣੇ ਪਤੀ ਸਮੇਤ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਪੰਜਾਬ ਅਤੇ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਦੱਸਿਆ ਕਿ ਉਸ ਦਾ ਅੰਤਰਜਾਤੀ ਵਿਆਹ ਦਾਤਾ ਨਿਵਾਸੀ ਰਛਪਾਲ ਸਿੰਘ ਨਾਲ ਹੋਇਆ। ਪਿੰਡ ਦੇ ਕੁਝ ਵਿਅਕਤੀ ਜ਼ਿਆਦਾਤਰ ਇਸ ਗੱਲ ਤੋਂ ਮੇਰੇ ਨਾਲ ਰੰਜਿਸ਼ ਰੱਖਦੇ ਆ ਰਹੇ ਹਨ। ਉਸ ਨੇ ਦੱਸਿਆ ਕਿ ਉਹ ਮੇਰੇ ਸਹੁਰੇ ਪਰਿਵਾਰ ਨੂੰ ਮੇਰੇ ਖਿਲਾਫ ਝੂਠੇ ਦੋਸ਼ ਲਾ ਕੇ ਭੜਕਾਉਂਦੇ ਰਹਿੰਦੇ ਹਨ ਅਤੇ ਘਰ 'ਚੋਂ ਕੱਢਵਾਉਣ ਦੀਆਂ ਧਮਕੀਆਂ ਦਿੰਦੇ ਹਨ। 
ਉਸ ਨੇ ਦੱਸਿਆ ਕਿ 27 ਜੁਲਾਈ, 2017 ਨੂੰ ਉਹ ਜਦੋਂ ਘਰੇਲੂ ਕੰਮ ਲਈ ਬਾਹਰ ਗਈ ਤਾਂ ਉਨ੍ਹਾਂ ਨੇ ਮੇਰੇ ਉਪਰ ਤੇਜ਼ਾਬ ਨਾਲ ਹਮਲਾ ਕੀਤਾ ਪਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਇਸ ਸਬੰਧੀ ਥਾਣਾ ਮਹਿਣਾ ਪੁਲਸ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਇਲਾਵਾ ਪੰਜਾਬ ਪੁਲਸ ਦੀ ਹੈਲਪਲਾਈਨ 181 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਪਰ ਮੇਰੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ।  ਮੈਂ ਆਈ. ਜੀ. ਬਠਿੰਡਾ ਕੋਲ ਵੀ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਪੇਸ਼ ਹੋ ਚੁੱਕੀ ਹਾਂ। ਮੈਂ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹਾਂ ਅਤੇ ਕਥਿਤ ਦੋਸ਼ੀ ਮੈਨੂੰ ਸ਼ਰੇਆਮ ਜਾਤੀ ਸੂਚਕ ਸ਼ਬਦ ਅਤੇ ਗਾਲੀ-ਗਲੋਚ ਕਰਦੇ ਰਹਿੰਦੇ ਹਨ। ਉਸ ਨੇ ਉੱਚ ਅਧਿਕਾਰੀਆਂ ਤੋਂ ਕਥਿਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। 


Related News