ਪੇਂਡੂ ਮਜ਼ਦੂਰਾਂ ਵੱਲੋਂ ਅੰਬਗੜ੍ਹ ਵਿਖੇ ਅਧਿਕਾਰੀਆਂ ਦਾ ਘਿਰਾਓ

08/18/2017 7:20:22 AM

ਕਰਤਾਰਪੁਰ, (ਸਾਹਨੀ)- ਰਿਹਾਇਸ਼ੀ ਪਲਾਟਾਂ ਅਤੇ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਹੱਕ ਲੈਣ ਲਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਅੰਬਗੜ੍ਹ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਪੇਂਡੂ ਮਜ਼ਦੂਰਾਂ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਲਈ ਅੱਜ ਇਕ ਵਾਰ ਫਿਰ ਪਿੰਡ ਪੁੱਜੇ ਪੰਚਾਇਤ ਮਹਿਕਮੇ ਦੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। 
ਅਧਿਕਾਰੀਆਂ ਨੇ ਜਦੋਂ ਆਪਣੀ ਮਦਦ ਲਈ ਕਰਤਾਰਪੁਰ ਪੁਲਸ ਥਾਣੇ ਤੋਂ ਪੁਲਸ ਨੂੰ ਬੁਲਾਇਆ ਤਾਂ ਪੇਂਡੂ ਮਜ਼ਦੂਰਾਂ ਦਾ ਗੁੱਸਾ ਹੋਰ ਵੀ ਵੱਧ ਗਿਆ ਅਤੇ ਉਨ੍ਹਾਂ ਨੇ ਮੰਗਾਂ ਦੇ ਹੱਲ ਲਈ ਘਿਰਾਓ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਅਧਿਕਾਰੀਆਂ ਵੱਲੋਂ ਕੋਈ ਵਾਹ ਪੇਸ਼ ਨਾ ਚੱਲਦੀ ਦੇਖਦੇ ਹੋਏ ਰਿਹਾਇਸ਼ੀ ਪਲਾਟਾਂ ਦੇ ਮਸਲੇ ਨੂੰ ਹੱਲ ਕਰਨ ਤੋਂ ਬਾਅਦ ਬੋਲੀ ਕਰਨ ਦਾ ਫੈਸਲਾ ਕਰਨਾ ਪਿਆ ਅਤੇ ਅੱਜ ਹੋਣ ਵਾਲੀ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਤਾਂ ਜਾ ਕੇ ਦੁਪਹਿਰ 2 ਵਜੇ ਤੋਂ ਸ਼ੁਰੂ ਹੋਇਆ ਘਿਰਾਓ ਸ਼ਾਮ ਸਾਢੇ 5 ਵਜੇ ਖਤਮ ਹੋਇਆ। 
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਪਿੰਡ ਅੰਬਗੜ੍ਹ ਬਲਾਕ ਜਲੰਧਰ ਪੱਛਮੀ ਵਿਖੇ ਪਲਾਟਾਂ ਦੇ ਚੱਲ ਰਹੇ ਸੰਘਰਸ਼ 'ਚੋਂ ਪੇਂਡੂ ਮਜ਼ਦੂਰਾਂ ਨੂੰ ਭਜਾਉਣ ਲਈ ਅੱਜ ਜਿਵੇਂ ਹੀ ਇਕੱਠ 'ਚੋਂ ਪ੍ਰਿਤਪਾਲ ਸਿੰਘ ਨਾਮੀ ਵਿਅਕਤੀ ਨੇ ਆਪਣੀ ਡੱਬ 'ਚੋਂ ਪਿਸਤੌਲ ਕੱਢਿਆ ਤਾਂ ਪੇਂਡੂ ਮਜ਼ਦੂਰਾਂ ਨੇ ਨਿਡਰ ਹੋ ਕੇ ਨਾਅਰੇਬਾਜ਼ੀ ਕਰਨੀ ਹੋਰ ਵੀ ਤੇਜ਼ ਕਰ ਦਿੱਤੀ।  ਮੌਕੇ 'ਤੇ ਪੁਲਸ ਅਧਿਕਾਰੀਆਂ ਨੇ ਪਿਸਤੌਲ ਧਾਰੀ ਨੌਜਵਾਨ ਨੂੰ ਫੜ ਕੇ ਇਕੱਠ 'ਚੋਂ ਬਾਹਰ ਕੱਢਿਆ ਅਤੇ ਪਿਸਤੌਲ ਆਪਣੇ ਘਰ ਰੱਖ ਕੇ ਆਉਣ ਦਾ ਹੁਕਮ ਦਿੱਤਾ ਤਾਂ ਜਾ ਕੇ ਕੁਝ ਮਾਹੌਲ ਸ਼ਾਂਤ ਹੋਇਆ। 
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਹੱਕ ਮਾਰਨ ਲਈ ਪੰਚਾਇਤੀ ਜ਼ਮੀਨ ਦੇ ਬਣਦੇ ਹੱਕ ਵਾਲੀ ਜ਼ਮੀਨ 'ਚ ਪਿੰਡ ਦੇ ਸਰਪੰਚ ਅਤੇ ਮਹਿਕਮਾ ਅਧਿਕਾਰੀਆਂ ਨੇ ਪ੍ਰਿਤਪਾਲ ਸਿੰਘ ਦਾ ਝੋਨਾ ਲਵਾ ਦਿੱਤਾ ਹੈ ਅਤੇ ਹੁਣ ਨਿਰਪੱਖ ਬੋਲੀ ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਅੱਜ ਦੇ ਇਕੱਠ ਨੇ ਐਲਾਨ ਕੀਤਾ ਕਿ ਮੰਗਾਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਬਲਵਿੰਦਰ ਸਿੰਘ ਸੰਧੂ, ਸੋਨੀਆ ਰੰਧਾਵਾ, ਗੁਲਸ਼ਨ, ਸੂਬਾ, ਵੀਰ ਕੁਮਾਰ, ਜਸਵੀਰ ਆਦਿ ਮੌਜੂਦ ਸਨ। 


Related News