ਚੋਰਾਂ ਨੇ 2 ਘਰਾਂ ਨੂੰ ਬਣਾਇਆ ਨਿਸ਼ਾਨਾ

08/17/2017 12:48:30 AM

ਬਟਾਲਾ, ਸ੍ਰੀ ਹਰਗੌਬਿੰਦਪੁਰ   (ਬੇਰੀ, ਬਾਬਾ, ਮਠਾਰੂ, ਸੈਂਡੀ)-  ਅੱਜ ਸਵੇਰੇ ਤੜਕਸਾਰ ਚੋਰਾਂ ਵੱਲੋਂ ਇਕ ਕੋਠੀ ਵਿਚੋਂ ਚੋਰੀ ਕਰ ਕੇ 1 ਵਿਅਕਤੀ ਨੂੰ ਜ਼ਖਮੀ ਕਰਨ ਉਪਰੰਤ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਪੀੜਤ ਪ੍ਰੋਫੈਸਰ ਅਸ਼ੋਕ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਕ੍ਰਿਸ਼ਨਾ ਕਾਲੋਨੀ ਨੇ ਦੱਸਿਆ ਕਿ ਅੱਜ ਉਹ ਸਵੇਰੇ ਆਪਣੀ ਕੋਠੀ ਦੇ ਦਰਵਾਜ਼ਿਆਂ ਨੂੰ ਤਾਲੇ ਲਾ ਕੇ ਸੈਰ ਕਰਨ ਲਈ ਗਿਆ ਹੋਇਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਕੋਠੀ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਪਏ ਸਨ। 
ਜਦੋਂ ਉਹ ਕੋਠੀ ਅੰਦਰ ਦਾਖਲ ਹੋਏ ਤਾਂ ਉਥੇ ਮੌਜੂਦ 2 ਅਣਪਛਾਤੇ ਚੋਰ ਜੋ ਕਿ ਸਾਡੇ ਘਰੋਂ 7 ਤੋਲੇ ਸੋਨਾ, ਐੱਫ. ਡੀ. ਦੀਆਂ ਕਾਪੀਆਂ, 800 ਡਾਲਰ, 20000 ਨਕਦੀ ਚੋਰੀ ਕਰ ਕੇ ਫਰਾਰ ਹੋਣ ਲੱਗੇ ਸਨ, ਜਿਨ੍ਹਾਂ ਨੂੰ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰੇ ਮੂੰਹ 'ਤੇ ਲੋਹੇ ਦੀ ਰਾਡ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ।  
ਉਨ੍ਹਾਂ ਆਖਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੈਨੂੰ ਫਸਟਏਡ ਦੇ ਕੇ ਚੋਰੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਬੀਤੀ ਰਾਤ ਚੋਰਾਂ ਵੱਲੋਂ ਸਿਵਲ ਲਾਈਨ ਥਾਣੇ ਅਧੀਨ ਪੈਂਦੇ ਮੁਹੱਲਾ ਪ੍ਰੇਮ ਨਗਰ ਬੋਹੜਾਵਾਲ ਪੁਲਸ ਲਾਈਨ ਰੋਡ ਵਿਖੇ ਇਕ ਕੋਠੀ ਵਿਚ ਦਾਖਲ ਹੋ ਕੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਾਬਕਾ ਫੌਜੀ ਮੰਗਾ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪ੍ਰੇਮ ਨਗਰ ਬੋਹੜਾਵਾਲਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪਠਾਨਕੋਟ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਹੋਇਆ ਸੀ ਕਿ ਇਸ ਦੌਰਾਨ ਮੈਨੂੰ ਮੇਰੇ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਮੇਨ ਗੇਟ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਹੈ। ਅਸੀਂ ਤੁਰੰਤ ਆਪਣੇ ਘਰ ਵਾਪਸ ਆਏ ਤਾਂ ਦੇਖਿਆ ਕਿ ਸਾਡੀ ਅਲਮਾਰੀ ਵਿਚੋਂ 2 ਮੁੰਦਰੀਆਂ, ਇਕ ਕੜਾ ਅਤੇ 25000 ਰੁਪਏ ਚੋਰ ਲੈ ਗਏ ਸਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਵਲ ਲਾਈਨ ਅਧੀਨ ਪੈਂਦੀ ਚੌਕੀ ਸਿੰਬਲ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਕੇ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਜਾਂਚ ਜਾਰੀ ਸੀ।


Related News