ਗੰਦੇ ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਲੋਕਾਂ ਕੀਤੀ ਨਾਅਰੇਬਾਜ਼ੀ

08/19/2017 12:46:16 AM

ਚੀਮਾ ਮੰਡੀ,(ਬੇਦੀ)- ਪਿੰਡ ਸ਼ੇਰੋਂ ਦੀ ਹੰਦੂ ਪੱਤੀ ਵਿਖੇ ਨਾਲੀਆਂ ਦੇ ਗੰਦੇ ਪਾਣੀ ਦੀ ਲੰਬੇ ਸਮੇਂ ਤੋਂ ਨਿਕਾਸੀ ਨਾ ਹੋਣ ਕਾਰਨ ਇਥੋਂ ਦੇ ਵਸਨੀਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜਿਸ ਕਰ ਕੇ ਅੱਜ ਲੋਕਾਂ ਵੱਲੋਂ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। 
ਇਸ ਮੌਕੇ ਰੋਸ ਪ੍ਰਗਟ ਕਰ ਰਹੇ ਮਿਸਤਰੀ ਨਛੱਤਰ ਸਿੰਘ, ਮਿਸਤਰੀ ਨਿਰੰਜਣ ਸਿੰਘ, ਮਿਸਤਰੀ ਗੁਰਮੀਤ ਸਿੰਘ, ਮਿਸਤਰੀ ਗੁਰਜੀਤ ਸਿੰਘ, ਹਰਦੀਪ ਸਿੰਘ, ਛਿੰਦਰ ਸਿੰਘ, ਮਹਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਬਾਰੂ ਸਿੰਘ ਆਦਿ ਨੇ ਦੱਸਿਆ ਕਿ ਗਲੀ ਦੇ ਪਾਣੀ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਹੋਇਆ, ਜਿਸ ਕਾਰਨ ਗਲੀ ਨੀਵੀਂ ਹੋਰ ਕਰ ਕੇ ਬਾਕੀ ਨਾਲੀਆਂ ਦਾ ਪਾਣੀ ਵੀ ਉਨ੍ਹਾਂ ਦੀ ਗਲੀ ਵਿਚ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਬਦਬੂ ਫੈਲਣ ਕਾਰਨ ਵਸਨੀਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਅਤੇ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਗਲੀ ਉੱਚੀ ਕਰਵਾਉਣ ਲਈ ਅਕਾਲੀ ਅਤੇ ਕਾਂਗਰਸ ਸਰਕਾਰ ਕੋਲ ਗੁਹਾਰ ਲਾ ਚੁੱਕੇ ਹਨ ਪਰ ਵੋਟਾਂ ਸਮੇਂ ਵਾਅਦੇ ਕਰ ਕੇ ਅਜੇ ਤੱਕ ਉਨ੍ਹਾਂ ਦੀ ਗਲੀ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਨਾਲ ਕਿਹਾ ਕਿ ਜੇਕਰ ਪਾਣੀ ਦੇ ਨਿਕਾਸ ਦਾ ਕੋਈ ਠੋਸ ਪ੍ਰਬੰਧ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।


Related News