ਦੁਕਾਨਦਾਰਾਂ ਨੇ ਦੁਕਾਨਾਂ ਰੱਖੀਆਂ ਬੰਦ

08/15/2017 12:42:19 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)-  ਬੀਤੇ ਦਿਨੀਂ ਪੁਲਸ ਵੱਲੋਂ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਵਿਰੁੱਧ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ ਬਰਨਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ।  'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਅਸੀਂ ਸਾਰੇ ਮਹਿਕਮੇ ਵੱਲੋਂ ਦਿੱਤੇ ਗਏ ਲਾਇਸੈਂਸ ਹੋਲਡਰ ਦੁਕਾਨਦਾਰ ਹਾਂ। ਅਸੀਂ ਐਕਸਪਾਇਰੀ ਦਵਾਈਆਂ ਨਹੀਂ ਵੇਚਦੇ। ਜਦੋਂ ਕੋਈ ਕੀੜੇਮਾਰ ਦਵਾਈ ਸਾਡੇ ਕੋਲ ਪਈ ਐਕਸਪਾਇਰ ਹੋ ਜਾਂਦੀ ਹੈ ਤਾਂ ਉਸ ਨੂੰ ਕੰਪਨੀਆਂ ਵਾਪਿਸ ਚੁੱਕ ਕੇ ਲੈ ਜਾਂਦੀਆਂ ਹਨ ਪਰ ਕਈ ਵਾਰ ਕੰਪਨੀਆਂ ਦੀ ਲਾਪ੍ਰਵਾਹੀ ਕਾਰਨ ਇਹ ਦਵਾਈਆਂ ਸਾਡੇ ਸਟੋਰਾਂ ਵਿਚ ਪਈਆਂ ਰਹਿ ਜਾਂਦੀਆਂ ਹਨ। ਅਸੀਂ ਇਹ ਐਕਸਪਾਇਰ ਦਵਾਈਆਂ ਕਿਸਾਨਾਂ ਨੂੰ ਨਾ ਦਿਖਾਉਂਦੇ ਹਾਂ ਤੇ ਨਾ ਹੀ ਉਨ੍ਹਾਂ ਨੂੰ ਵੇਚਦੇ ਹਾਂ। ਨਰਮੇ ਦੀ ਚਿੱਟੀ ਮੱਖੀ ਦੇ ਨਾ ਮਰਨ ਦਾ ਕਾਰਨ ਮੌਸਮ ਹੈ, ਜਿਸ ਲਈ ਯੂਨੀਵਰਸਿਟੀ ਕੋਈ ਖੋਜ ਨਹੀਂ ਕਰ ਰਹੀ।
ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚਿਤਾਵਨੀ  : ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਜਾਗਰੂਕ ਕਰਨ ਲਈ ਕੋਈ ਮੁਹਿੰਮ ਨਹੀਂ ਚਲਾਈ ਜਾ ਰਹੀ ਬਲਕਿ ਦੁਕਾਨਦਾਰਾਂ ਨੂੰ ਕਸੂਰਵਾਰ ਮੰਨਦੇ ਹੋਏ ਉਨ੍ਹਾਂ 'ਤੇ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਐਸੋ. ਦੇ ਸੂਬਾ ਪ੍ਰਧਾਨ ਰਾਜ ਕੁਮਾਰ ਰੱਸੇਵੱਟ ਨਾਲ ਵੀ ਸੰਪਰਕ ਕੀਤਾ ਹੈ, ਜੇਕਰ ਸਰਕਾਰ, ਸਬੰਧਿਤ ਵਿਭਾਗ ਅਤੇ ਪੁਲਸ ਵਪਾਰੀਆਂ ਨੂੰ ਇਸ ਤਰ੍ਹਾਂ ਤੰਗ ਕਰਦੀ ਰਹੇਗੀ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਇਸ ਮੌਕੇ ਹਰੀਸ਼ ਅਰੋੜਾ, ਪ੍ਰਦੀਪ ਗਰਗ, ਸੁਭਾਸ਼ ਚੰਦ ਅਤੇ ਰੇਵਤੀ ਕਾਂਸਲ ਆਦਿ ਹਾਜ਼ਰ ਸਨ। 


Related News