ਕੌਮੀ ਤੇ ਕੌਮਾਂਤਰੀ ਪੱਧਰ ''ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਨੌਕਰੀ ''ਚ ਪਹਿਲ ਦੇਵੇਗੀ : ਪ੍ਰੋ. ਬਡੂੰਗਰ

10/17/2017 9:01:40 AM

ਫ਼ਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਉੱਚ ਵਿਦਿਅਕ ਅਦਾਰਿਆਂ ਦਾ ਮਾਤਾ ਗੁਜਰੀ ਕਾਲਜ ਵਿਖੇ ਤਿੰਨ ਰੋਜ਼ਾ ਖਾਲਸਾਈ ਖੇਡ ਉਤਸਵ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। 
ਇਸ ਖੇਡ ਉਤਸਵ ਦੌਰਾਨ ਓਵਰਆਲ ਚੈਂਪੀਅਨਸ਼ਿਪ ਟਰਾਫੀ 'ਤੇ ਗੁਰੂ ਨਾਨਕ ਕਾਲਜ ਬੁਢਲਾਡਾ ਕਾਬਜ਼ ਰਿਹਾ ਅਤੇ ਦੂਸਰਾ ਸਥਾਨ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਇਸ ਖੇਡ ਉਤਸਵ ਦੌਰਾਨ ਮੋਹਰੀ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਨਿਵਾਜਿਆ ਤੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਦੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ 'ਚ ਨੌਕਰੀ ਦੇਣ ਦੀ ਪਹਿਲ ਦਿੱਤੀ ਜਾਵੇਗੀ। ਪ੍ਰੋ. ਬਡੂੰਗਰ ਨੇ ਐਲਾਨ ਕੀਤਾ ਕਿ 2018 ਦੀਆਂ 15ਵੀਆਂ ਖਾਲਸਾਈ ਖੇਡਾਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਕਰਵਾਈਆਂ ਜਾਣਗੀਆਂ। 
ਖਾਲਸਾਈ ਖੇਡਾਂ ਦੌਰਾਨ ਓਵਰਆਲ ਪ੍ਰਾਪਤੀਆਂ ਕਰਨ ਵਾਲੇ 6 ਖਿਡਾਰੀਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚੋਂ ਕਾਲਜਾਂ ਨਾਲ ਸਬੰਧਿਤ 3 ਖਿਡਾਰੀਆਂ ਖਾਲਸਾ ਕਾਲਜ ਪਟਿਆਲਾ ਦੀ ਪ੍ਰਭਜੋਤ ਕੌਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੀ ਹਾਕੀ ਖਿਡਾਰਨ ਹਰਦੀਪ ਕੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੀ ਐਥਲੈਟਿਕਸ ਖਿਡਾਰਨ ਅੰਮ੍ਰਿਤ ਕੌਰ ਅਤੇ ਇਸੇ ਤਰ੍ਹਾਂ ਸਕੂਲਾਂ ਵਿਚੋਂ ਸਨਮਾਨਿਤ ਕੀਤੇ ਗਏ 3 ਖਿਡਾਰੀਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਸੁਖਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਦੇ ਅਰਸ਼ਦੀਪ ਸਿੰਘ ਅਤੇ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਦੀ ਸ਼ਹਿਜ਼ਾਦਦੀਪ ਕੌਰ ਨੂੰ 41 ਹਜ਼ਾਰ, 31 ਹਜ਼ਾਰ ਅਤੇ 21 ਹਜ਼ਾਰ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 


Related News