ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਰੁਮਾਲਿਆਂ ਦੀ ਕੀਤੀ ਜਾ ਰਹੀ ਬੇਕਦਰੀ

09/21/2017 6:01:16 AM

ਗੋਇੰਦਵਾਲ ਸਾਹਿਬ, (ਪੰਛੀ)- ਸਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਭੇਟ ਕੀਤੇ ਜਾਂਦੇ ਰੁਮਾਲਿਆਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਕਥਿਤ ਤੌਰ 'ਤੇ ਵੱਡੀ ਬੇਕਦਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਰੁਮਾਲਿਆਂ ਨਾਲ ਭਰੇ ਹੋਏ ਸ਼੍ਰੋਮਣੀ ਕਮੇਟੀ ਦੇ ਕਥਿਤ ਦੋ ਟਰੱਕ ਗੋਇੰਦਵਾਲ ਸਾਹਿਬ ਦੇ ਕੋਲ ਬਿਆਸ ਦਰਿਆ ਕੰਢੇ ਪੁੱਜੇ, ਜਿਥੇ ਸ਼੍ਰੋਮਣੀ ਕਮੇਟੀ ਦੇ ਨਾਲ ਆਏ ਮੁਲਾਜ਼ਮਾਂ ਨੇ ਰੁਮਾਲੇ ਕੱਢੇ ਤੇ ਉਤਾਰ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ।
 ਸਥਾਨਕ ਲੋਕਾਂ ਨੇ ਦੱਸਿਆ ਕਿ ਬਿਆਸ ਦਰਿਆ ਦੇ ਕੰਢੇ 'ਤੇ ਟਰੱਕਾਂ ਵਿਚ ਲੱਦ ਕੇ ਰੁਮਾਲੇ ਲਿਆਂਦੇ ਜਾਂਦੇ ਹਨ ਅਤੇ ਚੁੱਪ-ਚੁਪੀਤੇ ਅੱਗ ਲਾ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਭੱਜ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਦੋ ਟਰੱਕ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਇਸ ਜਗ੍ਹਾ 'ਤੇ ਰੁਮਾਲਿਆਂ ਨੂੰ ਲੈ ਕੇ ਆ ਰਹੇ ਹਨ ਅਤੇ ਅੱਗ ਲਾ ਕੇ ਪਰਤ ਜਾਂਦੇ ਹਨ। ਰੁਮਾਲਿਆਂ ਦਾ ਢੇਰ ਵੱਡਾ ਹੋਣ ਕਰ ਕੇ ਅੱਗ ਦੀਆਂ ਲਪਟਾਂ ਕਾਫੀ ਉਪਰ ਤੱਕ ਚਲੀਆਂ ਜਾਂਦੀਆਂ ਹਨ, ਜਿਸ ਕਰ ਕੇ ਸਾਨੂੰ ਡਰ ਰਹਿੰਦਾ ਹੈ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਜਾਵੇ। ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਰੁਮਾਲਿਆਂ ਦੀ ਹੋ ਰਹੀ ਬੇਕਦਰੀ ਰੋਕੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ। 


Related News