ਅਚਾਨਕ ਸੜਕ ਧਸਣ ''ਤੇ ਸਕੂਲ ਬੱਸ ਫਸੀ

12/13/2017 2:54:12 AM

ਹਰਿਆਣਾ, (ਰੱਤੀ)- ਅੱਜ ਸਵੇਰੇ ਉਸ ਸਮੇਂ ਇਕ ਵੱਡਾ ਹਾਦਸਾ ਟਲ ਗਿਆ, ਜਦੋਂ ਇਕ ਸਕੂਲ ਬੱਸ ਸੜਕ ਧਸਣ ਕਾਰਨ ਅਚਾਨਕ ਡੂੰਘਾ ਟੋਇਆ ਪੈਣ 'ਤੇ ਉਸ 'ਚ ਜਾ ਫਸੀ। ਡਰਾਈਵਰ ਦੇ ਤਜਰਬੇ ਅਤੇ ਸੂਝ-ਬੂਝ ਸਦਕਾ ਬੱਸ 'ਚ ਸਵਾਰ ਕਰੀਬ 35 ਛੋਟੇ-ਵੱਡੇ ਬੱਚੇ ਵਾਲ-ਵਾਲ ਬਚੇ। ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਨੰ. ਪੀ ਬੀ 07 ਵਾਈ-3771, ਜਿਸ ਨੂੰ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਨਿੱਕੀਵਾਲ ਚਲਾ ਰਿਹਾ ਸੀ ਅਤੇ ਹਰਿਆਣਾ ਦੇ ਬਾਬਾ ਬੁੱਢਾ ਜੀ ਰੋਡ ਤੋਂ ਸ਼ਾਮਚੁਰਾਸੀ ਰੋਡ ਵੱਲ ਜਾ ਰਹੀ ਸੀ। ਡਰਾਈਵਰ ਅਨੁਸਾਰ ਜਦੋਂ ਬੱਸ ਹਾਦਸੇ ਵਾਲੀ ਥਾਂ 'ਤੇ ਪੁੱਜੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਬੱਸ ਜ਼ਮੀਨ 'ਚ ਧਸ ਰਹੀ ਹੈ। ਉਸ ਨੇ ਤੁਰੰਤ ਬੱਸ ਰੋਕ ਦਿੱਤੀ। ਸੜਕ 'ਚ ਡੂੰਘਾ ਟੋਇਆ ਪੈਣ 'ਤੇ ਬੱਸ ਟੋਏ 'ਚ ਜਾ ਫਸੀ ਪਰ ਸਕੂਲੀ ਬੱਚਿਆਂ ਨੂੰ ਝਰੀਟ ਤੱਕ ਨਹੀਂ ਲੱਗੀ। ਬੱਸ 'ਚ ਮੌਜੂਦ ਟੀਚਰ ਅਤੇ ਚਾਲਕ ਨੇ ਤੁਰੰਤ ਦੂਜੀ ਬੱਸ ਮੰਗਵਾ ਕੇ ਬੱਚਿਆਂ ਨੂੰ ਸਹੀ-ਸਲਾਮਤ ਸਕੂਲ ਪਹੁੰਚਾਇਆ।
ਕੀ ਕਾਰਨ ਹੈ ਸੜਕ ਧਸਣ ਦਾ : ਘਟਨਾ ਮੌਕੇ ਮੌਜੂਦ ਚਸ਼ਮਦੀਦਾਂ ਅਤੇ ਇਲਾਕਾ ਵਾਸੀਆਂ ਦੀਵਾਨ ਚੰਦ, ਕੁਲਦੀਪ 
ਕੁਮਾਰ, ਮਹਿੰਦਰ ਸਿੰਘ, ਅਵਤਾਰ ਸਿੰਘ, ਸ਼ਾਮ ਸੈਣੀ, ਜਗਤਾਰ ਸਿੰਘ, ਕਮਲਜੀਤ ਸਿੰਘ, ਇੰਦਰ ਪ੍ਰਕਾਸ਼, ਤੇਜਪਾਲ ਸਿੰਘ 
ਅਤੇ ਹੋਰਨਾਂ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਸੜਕ ਧਸਣ ਦਾ ਕਾਰਨ ਨਜ਼ਦੀਕ ਹੀ ਸਥਿਤ ਉਹ ਬੰਦ ਪਿਆ ਨਾਲਾ ਹੈ, ਜਿਸ ਵਿਚ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕ 'ਚ ਰਚ ਰਿਹਾ ਹੈ। ਸਿੱਟੇ ਵਜੋਂ ਵਜ਼ਨ ਪੈਣ 'ਤੇ 
ਅੱਜ ਇਥੇ ਸੜਕ ਧਸ ਗਈ ਅਤੇ ਪਏ ਟੋਏ ਵਿਚ ਬੱਸ ਫਸ ਗਈ।
ਕਈ ਵਾਰ ਲਿਖਤੀ ਕੀਤਾ ਸੂਚਿਤ : ਦੀਵਾਨ ਚੰਦ ਅਤੇ ਹੋਰਨਾਂ ਨੇ ਦੱਸਿਆ ਕਿ ਉਕਤ ਬੰਦ ਪਏ ਨਾਲੇ ਸਬੰਧੀ ਨਗਰ ਕੌਂਸਲ ਨੂੰ 2-3 ਵਾਰ ਲਿਖਤੀ ਰੂਪ 'ਚ ਸੂਚਿਤ ਕੀਤਾ ਜਾ ਚੁੱਕਿਆ ਹੈ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਬੰਦ ਨਾਲੇ ਦਾ ਸਾਰਾ ਪਾਣੀ ਨਜ਼ਦੀਕੀ ਪਲਾਟ 'ਚ ਪੈ ਰਿਹਾ ਹੈ।
ਕੀ ਕਹਿੰਦੇ ਹਨ ਮੀਤ ਪ੍ਰਧਾਨ : ਉਕਤ ਬੰਦ ਪਏ ਨਾਲੇ ਬਾਰੇ ਜਦੋਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਸ਼ਸ਼ੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਸਮੱਸਿਆ ਬਾਰੇ ਮੈਨੂੰ ਅੱਜ ਹੀ ਪਤਾ ਲੱਗਾ ਹੈ। ਮੇਰੇ ਕੋਲ ਇਸ ਬਾਰੇ ਕੋਈ ਵੀ ਸ਼ਿਕਾਇਤ ਜਾਂ ਸੂਚਨਾ ਨਹੀਂ ਸੀ ਪਹੁੰਚੀ। ਹੁਣ ਮੈਂ ਤੁਰੰਤ ਕਰਮਚਾਰੀਆਂ ਨੂੰ ਭੇਜ ਕੇ ਇਸ ਸਮੱਸਿਆ ਦਾ ਹੱਲ ਕਰਵਾਉਂਦਾ ਹਾਂ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।


Related News