ਗੁਰਦੁਆਰੇ ਮੂਹਰਿਓਂ ਲੰਘਦੇ ਗੰਦੇ ਨਾਲੇ ਤੋਂ ਡਾਢੀ ਪ੍ਰੇਸ਼ਾਨ ਹੈ ਸੰਗਤ

12/11/2017 3:39:54 AM

ਬਾਘਾਪੁਰਾਣਾ,   (ਚਟਾਨੀ) -  ਬਾਬਾ ਜੀਵਨ ਸਿੰਘ ਮੁਗਲੂ ਪੱਤੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਮੂਹਰੇ ਬਣਾਏ ਗਏ ਆਰਜ਼ੀ ਨਿਕਾਸੀ ਵਾਲੇ ਨਾਲੇ ਦਾ ਮੁਗਲੂ ਪੱਤੀ ਦੇ ਬਾਬਾ ਜੀਵਨ ਸਿੰਘ ਨਗਰ ਦੇ ਵਾਸੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਬਿਨਾਂ ਦੇਰੀ ਬੰਦ ਕਰਨ ਦੀ ਮੰਗ ਕੀਤੀ ਹੈ। ਨਗਰ ਦੇ ਮੋਹਰੀ ਆਗੂਆਂ ਇਕਬਾਲ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਦੇਬੀ ਪ੍ਰਧਾਨ, ਹਰਪ੍ਰੀਤ ਸਿੰਘ, ਭਿੰਦੀ, ਰੌਣੀ ਅਤੇ ਪੱਪੂ ਨੇ ਕਿਹਾ ਕਿ ਗੰਦੇ ਪਾਣੀ ਦੇ ਨਿਕਾਸ ਲਈ ਕਾਫੀ ਸਮਾਂ ਪਹਿਲਾਂ ਬਣਾਏ ਗਏ ਇਸ ਨਿਕਾਸੀ ਨਾਲੇ ਦਾ ਭਾਵੇਂ ਉਸ ਵੇਲੇ ਵੀ ਵਿਰੋਧ ਕੀਤਾ ਗਿਆ ਸੀ ਪਰ ਲੋਕ ਮੁਸ਼ਕਲਾਂ ਦੇ ਹੱਲ ਲਈ ਇਸ ਨੂੰ ਬੰਦ ਕਰਨ ਦੀ ਬਜਾਏ ਥੋੜ੍ਹੇੇ ਸਮੇਂ ਲਈ ਚੱਲਦਾ ਰੱਖਣ ਲਈ ਸਹਿਮਤੀ ਦੇ ਦਿੱਤੀ ਗਈ ਸੀ। 
ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਇਸ ਨਾਲੇ ਨੂੰ ਸੜਕ ਦੇ ਨਾਲ-ਨਾਲ ਪੱਕਾ ਕਰ ਕੇ ਵੱਡੇ ਨਾਲੇ ਨਾਲ ਜੋੜਨ ਦੀ ਪ੍ਰਸ਼ਾਸਨ ਨੇ ਖੇਚਲ ਤੱਕ ਨਹੀਂ ਕੀਤੀ। ਬਸਤੀ ਦੇ ਆਗੂਆਂ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਗੁਰਦੁਆਰੇ ਦੇ ਪ੍ਰਵੇਸ਼ ਦੁਆਰ ਮੂਹਰਿਓਂ ਲੰਘਦੀ ਗੰਦਗੀ ਤੋਂ ਡਾਢੇ ਤੰਗ ਹਨ। ਸੰਗਤ ਦਾ ਕਹਿਣਾ ਹੈ ਕਿ ਉਹ ਗੁਰੂ ਘਰ ਦੀ ਪਵਿੱਤਰਤਾ ਲਈ ਦਿਨ-ਰਾਤ ਸਫਾਈ ਕਰਦੀ ਹੈ ਪਰ ਗੰਦੇ ਨਾਲੇ ਦੀ ਬਦਬੂ ਸਮੁੱਚੀ ਸਫਾਈ ਉਪਰ ਗ੍ਰਹਿਣ ਲਾ ਦਿੰਦੀ ਹੈ।  ਬਾਬਾ ਜੀਵਨ ਸਿੰਘ ਨਗਰ ਦੇ ਸਮੁੱਚੇ ਲੋਕਾਂ, ਗੁਰਦੁਆਰਾ ਸਾਹਿਬ ਦੀ ਸੇਵਾ ਕਰਦੀ ਪ੍ਰਬੰਧਕ ਕਮੇਟੀ ਤੇ ਮੋਹਤਬਰ ਆਗੂਆਂ ਨੇ ਆਰਜ਼ੀ ਨਾਲੇ ਨੂੰ ਬੰਦ ਕਰ ਕੇ ਪ੍ਰਵੇਸ਼ ਦੁਆਰ ਤੋਂ ਪਰੇ ਕਰ ਕੇ ਬਣਾਉਣ ਅਤੇ ਇਸ ਨੂੰ ਮੰਡੀਰਾ ਰੋਡ ਵਾਲੇ ਵੱਡੇ ਨਿਕਾਸੀ ਨਾਲ ਜੋੜਨ ਦੀ ਮੰਗ ਕੀਤੀ ਹੈ ਤੇ ਇਸ ਮੰਗ ਦੀ ਤੁਰੰਤ ਪੂਰਤੀ ਵਾਸਤੇ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕੀਤੀ ਹੈ। 


Related News