ਹਥਿਆਰਾਂ ਦੀ ਨੋਕ ''ਤੇ ਲੁੱਟਾਂ-ਖੋਹਾਂ ਕਰਨ ਵਾਲੇ 4 ਕਾਬੂ

10/18/2017 5:14:53 AM

ਅੰਮ੍ਰਿਤਸਰ,  (ਜ. ਬ.)-  ਜ਼ਿਲਾ ਸ਼ਹਿਰੀ ਪੁਲਸ ਨੇ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਵਾਰਦਾਤਾਂ 'ਚ ਵਰਤੇ ਜਾਣ ਵਾਲੇ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਖੋਹਿਆ ਕੁਝ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।  ਪ੍ਰੈੱਸ ਮਿਲਣੀ ਦੌਰਾਨ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ 23 ਅਕਤੂਬਰ 2016 ਨੂੰ ਥਾਣਾ ਸਦਰ ਵਿਖੇ ਦਰਜ ਲੁੱਟ-ਖੋਹ ਦੇ ਇਕ ਮਾਮਲੇ ਜਿਸ ਵਿਚ ਅਣਪਛਾਤੇ ਲੁਟੇਰਿਆਂ ਨੇ ਮਜੀਠਾ ਰੋਡ ਸਥਿਤ ਅਠਵਾਲ-ਕਾਹਲੋਂ ਟਰਾਂਸਪੋਰਟ ਤੋਂ ਦੇਰ ਰਾਤ ਪਿਸਤੌਲ ਦੀ ਨੋਕ 'ਤੇ ਕਰੀਬ ਢਾਈ ਲੱਖ ਰੁਪਏ ਦੀ ਲੁੱਟ ਕੀਤੀ ਸੀ, ਦੇ ਸਬੰਧ 'ਚ ਚੌਕੀ ਮਜੀਠਾ ਰੋਡ ਇੰਚਾਰਜ ਐੱਸ. ਆਈ. ਨਿਸ਼ਾਨ ਸਿੰਘ ਦੀ ਅਗਵਾਈ ਵਿਚ ਗਠਿਤ ਕੀਤੀ ਟੀਮ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਪਾਰਟੀ ਨੇ ਗ੍ਰਿਫਤਾਰ ਕੀਤੇ ਗਏ ਲੁਟੇਰਾ ਗਿਰੋਹ ਦੇ ਮੈਂਬਰ ਜੋਗਾ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਵਾਂਪਿੰਡ, ਅਮਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਵੇਰਕਾ ਤੇ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਦੇ ਕਬਜ਼ੇ 'ਚੋਂ ਵਾਰਦਾਤਾਂ ਵਿਚ ਵਰਤੀ ਜਾਣ ਵਾਲੀ ਇਕ ਕ੍ਰਿਪਾਨ, 2 ਦਾਤਰ, ਇਕ ਖੋਖਰੀ, 2 ਮੋਟਰਸਾਈਕਲ, ਇਕ ਲੈਪਟਾਪ ਤੇ ਇਕ ਟੈਬ ਤੋਂ ਇਲਾਵਾ ਖੋਹਿਆ ਹੋਰ ਸਾਮਾਨ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।  ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ. ਡੀ. ਸੀ. ਪੀ.-2 ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਨੇ ਹਥਿਆਰਾਂ ਦੀ ਨੋਕ 'ਤੇ ਕਰੀਬ 20 ਵਾਰਦਾਤਾਂ ਕਬੂਲੀਆਂ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਲੁੱਟ-ਖੋਹ ਦੀਆਂ ਇਹ ਵਾਰਦਾਤਾਂ ਉਨ੍ਹਾਂ ਵੱਲੋਂ ਮਜੀਠਾ ਰੋਡ, ਬਟਾਲਾ ਰੋਡ, ਤਰਨਤਾਰਨ ਰੋਡ, ਸਿਟੀ ਤਰਨਤਾਰਨ ਤੇ ਝਬਾਲ ਰੋਡ ਇਲਾਕੇ ਵਿਚ ਜ਼ਿਆਦਾਤਰ ਅੰਜਾਮ ਦਿੱਤੀਆਂ ਗਈਆਂ ਸਨ।
ਰਿਮਾਂਡ ਦੌਰਾਨ ਹੋਣਗੇ ਕਈ ਹੋਰ ਅਹਿਮ ਖੁਲਾਸੇ 
ਲਖਬੀਰ ਸਿੰਘ ਨੇ ਦੱਸਿਆ ਕਿ ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਕਈ ਹੋਰ ਵਾਰਦਾਤਾਂ ਅਤੇ ਗਿਰੋਹ ਨਾਲ ਜੁੜੇ ਹੋਰ ਸੰਪਰਕਾਂ ਦੇ ਵੀ ਖੁਲਾਸਾ ਹੋਣ ਦੀ ਉਮੀਦ ਹੈ।


Related News