ਲੁੱਟ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ਼

06/24/2017 2:32:43 AM

ਕਪੂਰਥਲਾ, (ਭੂਸ਼ਣ, ਮਲਹੋਤਰਾ)- ਕਪੂਰਥਲਾ ਸ਼ਹਿਰ ਤੇ ਆਸ-ਪਾਸ ਦੇ ਪੇਂਡੂ ਖੇਤਰਾਂ 'ਚ ਲੁੱਟ ਤੇ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਕੇ ਭਾਰੀ ਦਹਿਸ਼ਤ ਫੈਲਾਉਣ ਵਾਲੇ ਇਕ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 3 ਮੁਲਜ਼ਮਾਂ ਤੋਂ ਲੁੱਟੇ ਗਏ 6 ਮੋਬਾਇਲ ਫੋਨ, ਲੁੱਟ ਦਾ ਸਾਮਾਨ ਤੇ ਗੈਸ ਸਿਲੰਡਰ ਬਰਾਮਦ ਕੀਤਾ ਹੈ । ਤਿੰਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਜ਼ਿਲਾ ਭਰ 'ਚ ਚਲ ਰਹੀ ਨਸ਼ਾ ਤੇ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਥਾਣਾ ਸਦਰ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਚੌਕੀ ਸਾਇੰਸ ਸਿਟੀ ਦੇ ਇੰਚਾਰਜ ਗੁਰਮੀਤ ਸਿੰਘ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇੱਬਣ ਮਾਰਗ 'ਤੇ 2 ਮੋਟਰਸਾਈਕਲਾਂ 'ਤੇ ਸਵਾਰ 3 ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਤਿੰਨਾਂ ਮੁਲਜ਼ਮਾਂ ਨੂੰ ਪਿੱਛਾ ਕਰਕੇ ਰੋਕ ਲਿਆ। 
ਪੁੱਛਗਿਛ ਦੌਰਾਨ ਤਿੰਨਾਂ ਮੁਲਜ਼ਮਾਂ ਨੇ ਆਪਣੇ ਨਾਮ ਮੁਖਤਿਆਰ ਸਿੰਘ ਉਰਫ ਮੰਗਾ ਪੁੱਤਰ ਦਲਬੀਰ ਸਿੰਘ, ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਸਵਰਣ ਸਿੰਘ ਤੇ ਠਾਕੁਰ ਸਿੰਘ ਉਰਫ ਕਾਲਾ ਪੁੱਤਰ ਮੱਖਣ ਸਿੰਘ ਤਿੰਨੋਂ ਵਾਸੀ ਪਿੰਡ ਸੈਦੋਵਾਲ ਦੱਸਿਆ। ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਮੁਖਤਿਆਰ ਸਿੰਘ ਉਰਫ ਮੰਗਾ ਤੋਂ 100 ਗ੍ਰਾਮ ਨਸ਼ੀਲਾ ਪਦਾਰਥ, ਠਾਕੁਰ ਸਿੰਘ ਉਰਫ ਕਾਲਾ ਸਿੰਘ ਵੀ 100 ਗ੍ਰਾਮ ਨਸ਼ੀਲਾ ਪਦਾਰਥ ਤੇ ਗੁਰਦੀਪ ਸਿੰਘ ਉਰਫ ਦੀਪਾ ਤੋਂ 105 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਦੋਂ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮਈ ਮਹੀਨੇ 'ਚ ਉਨ੍ਹਾਂ ਨੇ ਇੱਬਣ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੇ 2 ਮੋਬਾਇਲ ਫੋਨ ਅਤੇ ਨਕਦੀ ਲੁੱਟ ਲਏ ਸੀ। 
ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸਦਰ ਪੁਲਸ ਨੇ ਲੁੱਟੇ ਗਏ ਦੋਵੇਂ ਮੋਬਾਇਲ ਫੋਨ ਬਰਾਮਦ ਕਰ ਲਏ, ਉਥੇ ਹੀ ਮੁਲਜ਼ਮਾਂ ਨੇ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਆਰ. ਸੀ. ਐੱਫ. ਦੇ ਨਜ਼ਦੀਕ ਇਕ ਮੋਬਾਇਲ ਫੋਨ ਜੇ-7 ਖੋਹਿਆ ਸੀ, ਨੂੰ ਵੀ ਬਰਾਮਦ ਕਰ ਲਿਆ ਗਿਆ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 17-18 ਜੂਨ 2017 ਦੀ ਰਾਤ ਕਪੂਰਥਲਾ ਸ਼ਹਿਰ ਦੇ ਬ੍ਰਹਮਕੁੰਡ ਖੇਤਰ ਦੇ ਨਜ਼ਦੀਕ ਇਕ ਘਰ 'ਚ ਦਾਖਲ ਹੋ ਕੇ ਇਕ ਬਜ਼ੁਰਗ ਵਿਅਕਤੀ ਤੇ ਮਹਿਲਾ ਨੂੰ ਜ਼ਖ਼ਮੀ ਕਰਕੇ ਘਰ ਤੋਂ 3 ਮੋਬਾਇਲ ਫੋਨ, ਇਕ ਗੈਸ ਸਿੰਲਡਰ ਅਤੇ ਕਰਿਆਨੇ ਦਾ ਸਾਮਾਨ ਲੁੱਟ ਲਿਆ ਸੀ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਲੁੱਟੇ ਗਏ ਤਿੰਨੇ ਮੋਬਾਇਲ ਫੋਨ, ਗੈਸ ਸਿਲੰਡਰ ਬਰਾਮਦ ਕਰ ਲਿਆ ਗਿਆ ਸੀ।  


Related News