ਖਿਡੌਣਾ ਪਿਸਤੌਲ ਦਿਖਾ ਕੇ ਲੁੱਟਮਾਰ ਕਰਨ ਵਾਲੇ ਸ਼ਾਤਿਰ ਗੈਂਗ ਦਾ ਪਰਦਾਫਾਸ਼

11/19/2017 6:34:26 AM

ਫਗਵਾੜਾ, (ਜਲੋਟਾ)- ਸਿਟੀ ਪੁਲਸ ਦੀ ਟੀਮ ਵੱਲੋਂ ਐੱਸ. ਐੱਚ. ਓ. ਭਾਰਤ ਮਸੀਹ ਲੱਧੜ ਦੀ ਅਗਵਾਈ ਵਿਚ ਇਲਾਕੇ 'ਚ ਲੰਮੇ ਸਮੇਂ ਤੋਂ ਮਾਸੂਮ ਲੋਕਾਂ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਮਾਰ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਨ ਦੀ ਸੂਚਨਾ ਮਿਲੀ ਹੈ। 
ਫੜੇ ਗਏ 2 ਗੈਂਗਸਟਰਾਂ ਨੂੰ 19 ਨਵੰਬਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਫਗਵਾੜਾ ਮੰਡਲ ਦੇ ਪੁਲਸ ਪ੍ਰਮੁੱਖ ਐੱਸ. ਪੀ. ਪੀ. ਐੱਸ. ਭੰਡਾਲ ਨੇ ਦੱਸਿਆ ਕਿ ਪੁਲਸ ਥਾਣਾ ਸਿਟੀ ਦੀ ਟੀਮ ਨੇ ਸਥਾਨਕ ਪਟੇਲ ਨਗਰ ਨਾਕਾਬੰਦੀ ਦੌਰਾਨ ਦੋਸ਼ੀ ਗੈਂਗ ਦੇ 5 ਗੈਂਗਸਟਰਾਂ, ਜੋ ਮੋਟਰਸਾਈਕਲਾਂ 'ਤੇ ਸਵਾਰ ਸਨ, ਨੂੰ ਘੇਰਾਬੰਦੀ ਕਰ ਕੇ ਰੋਕਿਆ। 
ਇਸ ਦੌਰਾਨ ਪੁਲਸ ਟੀਮ ਨੇ 2 ਗੈਂਗਸਟਰਾਂ, ਜਿਨ੍ਹਾਂ ਦੀ ਪਛਾਣ ਸੰਦੀਪ ਕੁਮਾਰ ਉਰਫ ਕਾਲੂ ਪੁੱਤਰ ਰਾਧੇ ਸ਼ਿਆਮ ਮੁਹੱਲਾ ਤੰਬਾਕੂ ਕੁੰਟਾ ਤੇ ਅਜੇ ਗਰੋਵਰ ਪੁੱਤਰ ਜਗਜੀਤ ਗਰੋਵਰ ਵਾਸੀ ਖਲਵਾੜਾ ਗੇਟ ਬੇਦੀਆਂ ਮੁਹੱਲਾ ਵਜੋਂ ਹੋਈ, ਨੂੰ ਗ੍ਰਿਫਤਾਰ ਕੀਤਾ ਤੇ 3 ਗੈਂਗਸਟਰਾਂ ਸੰਜੀਵ ਕੁਮਾਰ ਉਰਫ ਤਿਵਾੜੀ ਪੁੱਤਰ ਉਪਿੰਦਰ ਤਿਵਾੜੀ ਬਾਬਾ ਗਧੀਆ, ਸਲੀਮ ਪੁੱਤਰ ਸਵ. ਦੀਪਕ ਵਾਸੀ ਪਲਾਹੀ ਗੇਟ ਨਜ਼ਦੀਕ ਨੱਥੂ ਸ਼ਾਹ ਦਾ ਮੰਦਰ ਤੇ ਸਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਫਗਵਾੜਾ ਪੁਲਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਐੱਸ. ਪੀ. ਭੰਡਾਲ ਨੇ ਦੱਸਿਆ ਉਕਤ ਤਿੰਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮ ਗਠਿਤ ਕਰ ਲਈ ਗਈ ਹੈ। 

PunjabKesari
ਸਿਵਲ ਇੰਜੀਨੀਅਰਿੰਗ ਦਾ ਵਿਦਿਆਰਥੀ ਸਾਥੀ ਸਣੇ ਗ੍ਰਿਫਤਾਰ, 2 ਲੈਪਟਾਪ ਬਰਾਮਦ
ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਪੁਲਸ ਨੇ ਇਕ ਹੋਰ ਚੋਰੀ ਦੇ ਮਾਮਲੇ ਵਿਚ 2 ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਅਮਨ ਬੱਗਾ ਪੁੱਤਰ ਜੀਵਨ ਬੱਗਾ ਵਾਸੀ ਫਤਿਹ ਸਿੰਘ ਨਗਰ, ਗਲੀ ਨੰਬਰ 3 ਅਤੇ ਏਡੀਅਨ ਰਾਜਿੰਦਰ ਤਿੱਗਾ ਪੁੱਤਰ ਰਾਜੇਸ਼ਵਰ ਤਿੱਗਾ ਵਾਸੀ ਬਾਸੇਨ ਛੱਤੀਸਗੜ੍ਹ ਹਾਲ ਵਾਸੀ ਫਗਵਾੜਾ ਵਜੋਂ ਹੋਈ, ਨੂੰ ਗ੍ਰਿਫਤਾਰ ਕੀਤਾ ਹੈ। 
ਉਨ੍ਹਾਂ ਦੱਸਿਆ ਕਿ ਚੋਰਾਂ ਦੇ ਹਵਾਲੇ ਤੋਂ 2 ਚੋਰੀ ਦੇ ਲੈਪਟਾਪ ਬਰਾਮਦ ਹੋਏ ਹਨ। ਇਕ ਚੋਰ ਏਡੀਅਨ ਰਾਜਿੰਦਰ ਤਿੱਗਾ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ਨੰਬਰ 1 'ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਦੋਸ਼ੀਆਂ ਨੇ ਸਤਨਾਮਪੁਰਾ ਤੇ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਲੈਪਟਾਪ ਚੋਰੀ ਕੀਤੇ ਹਨ।
ਇਹ ਕੁਝ ਹੋਇਆ ਬਰਾਮਦ
ਐੱਸ. ਪੀ. ਭੰਡਾਲ ਨੇ ਦੱਸਿਆ ਕਿ ਉਕਤ ਗੈਂਗ ਕਈ ਇਲਾਕਿਆਂ ਜਿਨ੍ਹਾਂ ਵਿਚ ਮੁਹੱਲਾ ਬਾਬਾ ਬਾਲਕ ਨਾਥ, ਹਰਗੋਬਿੰਦ ਨਗਰ, ਜੇ. ਸੀ. ਟੀ. ਮਿੱਲ ਦਾ ਇਲਾਕਾ, ਬੰਗਾ ਰੋਡ, ਮਾਡਲ ਟਾਊਨ, ਖੇੜਾ ਰੋਡ ਆਦਿ ਵਿਚ ਸਰਗਰਮ ਰਹੀ ਹੈ ਤੇ ਇਨ੍ਹਾਂ ਖੇਤਰਾਂ ਵਿਚ ਦੋਸ਼ੀਆਂ ਨੇ ਔਰਤਾਂ ਨਾਲ ਕਰੀਬ ਅੱਧਾ ਦਰਜਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਨੋਂ ਗੈਂਗਸਟਰ ਨਸ਼ਾ ਕਰਨ ਦੇ ਆਦੀ ਹਨ, ਜਿਨ੍ਹਾਂ ਕੋਲੋਂ ਇਕ ਖਿਡੌਣਾ ਪਿਸਤੌਲ, 5 ਚੋਰੀਸ਼ੁਦਾ ਮੋਟਰਸਾਈਕਲ, 3 ਮੋਬਾਇਲ ਫੋਨ, 10 ਤੋਲੇ ਸੋਨਾ (4 ਚੂੜੀਆਂ, ਇਕ ਬਰੈਸਲੇਟ), ਇਕ ਕਮਾਨੀਦਾਰ ਚਾਕੂ, ਨਸ਼ੀਲਾ ਪਾਊਡਰ ਤੇ 6400 ਰੁਪਏ ਬਰਾਮਦ ਕੀਤੇ ਗਏ ਹਨ। 


Related News