ਲੁਟੇਰੇ ਪਿਸਟਲ ਦੀ ਨੋਕ ''ਤੇ 7 ਲੱਖ ਖੋਹ ਕੇ ਫਰਾਰ

12/12/2017 7:32:42 AM

ਅੰਮ੍ਰਿਤਸਰ, (ਸੰਜੀਵ)- ਵਰਕਰਾਂ ਨੂੰ ਤਨਖਾਹ ਦੇਣ ਲਈ ਲਿਜਾਏ ਜਾ ਰਹੇ 7 ਲੱਖ ਰੁਪਏ ਨਾਲ ਭਰਿਆ ਬੈਗ ਤਿੰਨ ਅਣਪਛਾਤੇ ਲੁਟੇਰੇ ਪਿਸਟਲ ਦੀ ਨੋਕ 'ਤੇ ਖੋਹ ਕੇ ਲੈ ਗਏ। ਵਾਰਦਾਤ ਅੱਜ ਬਾਅਦ ਦੁਪਹਿਰ 3 ਵਜੇ ਪਿੰਡ ਪੰਡੋਰੀ ਵੜੈਚ ਵਿਚ ਹੋਈ। ਲੁਟੇਰਿਆਂ ਨੇ ਆਉਂਦੇ ਹੀ ਲੇਬਰ ਦੇ ਠੇਕੇਦਾਰ ਰਮੇਸ਼ ਕੁਮਾਰ ਦੀ ਕਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਅਤੇ ਜਿਸ ਉਪਰੰਤ ਪੈਸਿਆਂ ਵਾਲਾ ਬੈਗ ਖੋਹਣ ਲੱਗੇ ਜਿਵੇਂ ਹੀ ਰਮੇਸ਼ ਨੇ ਬੈਗ ਨੂੰ ਫੜਿਆ, ਲੁਟੇਰਿਆਂ ਵਿਚੋਂ ਇਕ ਨੇ ਉਸ ਦੇ ਸਿਰ 'ਤੇ ਪਿਸਟਲ ਤਾਣ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬੇਬਸ ਰਮੇਸ਼ ਨੇ ਜਦੋਂ ਬੈਗ ਛੱਡਿਆ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਰਮੇਸ਼ ਨੇ ਆਪਣੀ ਕਾਰ ਰਾਹੀਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ। ਕੁਝ ਦੂਰੀ 'ਤੇ ਲੁਟੇਰਿਆਂ ਦੇ ਮੋਟਰਸਾਈਕਲ ਦੀ ਚੇਨ ਟੁੱਟ ਗਈ ਤਾਂ ਉਹ ਮੋਟਰਸਾਈਕਲ ਉਥੇ ਹੀ ਛੱਡ ਕੇ ਭੱਜ ਨਿਕਲੇ।  ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਭਾਰੀ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਥਾਣਾ ਕੰਬੋਅ ਵਿਚ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਮੋਟਰਸਾਈਕਲ 'ਚੋਂ ਨਿਕਲੇ ਕਾਗਜ਼ਾਤ ਮਜੀਠਾ ਦੇ ਰਹਿਣ ਵਾਲੇ ਕਿਸੇ ਵਿਅਕਤੀ ਦੇ ਨਾਂ 'ਤੇ ਸਨ।  ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਵੱਖ-ਵੱਖ ਫੈਕਟਰੀਆਂ ਵਿਚ ਲੇਬਰ ਉਪਲਬਧ ਕਰਵਾਉਂਦਾ ਹੈ। 90 ਦੇ ਕਰੀਬ ਉਸ ਦੀ ਲੇਬਰ ਨੈਸ਼ਨਲ ਪਲਾਸਟਿਕ ਕੰਪਨੀ ਵਿਚ ਕੰਮ ਕਰਦੀ ਹੈ। ਅੱਜ 7 ਲੱਖ ਰੁਪਏ ਦੀ ਰਾਸ਼ੀ ਉਨ੍ਹਾਂ ਨੂੰ ਤਨਖਾਹ ਦੇਣ ਲਈ ਲੈ ਕੇ ਜਾ ਰਿਹਾ ਸੀ ਜਿਸ ਨੂੰ ਓਰੀਐਂਟਲ ਬੈਂਕ 'ਚੋਂ ਕਢਵਾਇਆ ਸੀ।  ਪੈਸੇ ਲੈ ਕੇ ਉਹ ਆਪਣੀ ਕਾਰ ਰਾਹੀਂ ਲੇਬਰ ਦੇ ਕੋਲ ਜਾ ਰਿਹਾ ਸੀ ਕਿ ਰਸਤੇ ਵਿਚ ਪੰਡੋਰੀ ਵੜੈਚ ਦੇ ਨੇੜੇ ਪਿੱਛੋਂ ਆਏ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਰੋਕਿਆ ਅਤੇ ਉਸ ਦੀ ਗੱਡੀ ਦੇ ਸ਼ੀਸ਼ੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਦੇ ਬਾਅਦ ਲੁਟੇਰੇ ਦਰਵਾਜ਼ਾ ਖੋਲ੍ਹ ਕੇ ਨਕਦੀ ਭਰਿਆ ਬੈਗ ਖੋਹਣ ਲੱਗੇ।  ਉਸ ਦੇ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਉਸ ਨਾਲ ਮਾਰਕੁੱਟ ਵੀ ਕੀਤੀ ਅਤੇ ਉਸ 'ਤੇ ਪਿਸਟਲ ਤਾਣ ਦਿੱਤੀ। ਲੁਟੇਰੇ ਦੇ ਫਰਾਰ ਹੋ ਜਾਣ 'ਤੇ ਉਸ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।  
ਕੀ ਕਹਿਣਾ ਹੈ ਕਿ ਐੱਸ. ਐੱਸ. ਪੀ. ਦਾ?
ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਲੇਬਰ ਠੇਕੇਦਾਰ ਰਮੇਸ਼ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਵਿਸ਼ੇਸ਼ ਟੀਮਾਂ ਆਲੇ-ਦੁਆਲੇ ਦੇ ਖੇਤਰਾਂ ਵਿਚ ਜਿਥੇ ਛਾਪੇਮਾਰੀ ਕਰ ਰਹੀ ਹੈ ਉਥੇ ਹੀ ਨਾਕੇ ਲਾ ਕੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਮਿਲੇ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਸੂਤਰਧਾਰ ਬਣਾ ਛੇਤੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 


Related News