ਡਿਪਲੋਮਾ ਇੰਜੀਨੀਅਰਾਂ ਕੀਤਾ ਰੋਸ ਪ੍ਰਦਰਸ਼ਨ

08/17/2017 8:27:48 AM

ਬਠਿੰਡਾ, (ਬਲਵਿੰਦਰ)- ਵੱਖ ਵੱਖ ਮੰਗਾਂ ਨੂੰ ਲੈ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਾਰੇ ਜੇ.ਈਜ. ਅਤੇ ਏ.ਈਜ. ਅਤੇ ਤਰੱਕੀਸ਼ੁਦਾ ਐੱਸ.ਡੀ.ਓਜ. ਨੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਇੰਜੀਨੀਅਰਾਂ ਨੇ ਲਗਪਤ 20 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸੋਸੀਏਸ਼ਨ ਦੇ ਜਨਰਲ ਸਕੱਤਰ ਇੰਜ. ਕਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਜਲ ਸਪਲਾਈ ਮੰਤਰੀ ਨਾਲ ਮੀਟਿੰਗ ਕੀਤੀ ਗਈ ਸੀ।, ਜਿਸ ਵਿਚ ਉਨ੍ਹਾਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ ਸੀ। ਪ੍ਰੰਤੂ ਬਾਅਦ ਵਿਚ ਸਰਕਾਰ ਨੇ ਡਿਪਲੋਮਾ ਇੰਜੀਨੀਅਰਾਂ ਦੀ ਡੀ.ਪੀ.ਸੀ. 28 ਅਗਸਤ ਨੂੰ ਕਰਨ ਸੰਬੰਧੀ ਪੱਤਰ ਜਾਰੀ ਕਰ ਦਿੱਤਾ, ਪਰ ਡਿਗਰੀ ਹੋਲਡਰਾਂ ਤੇ ਡੀ.ਪੀ.ਸੀ. ਦੀ ਮਿਤੀ ਨਿਸ਼ਚਿਤ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜੂਨੀਅਰ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਲਈ ਪਦਉੱਨਤੀ ਲਈ ਡੀ.ਪੀ.ਸੀ. ਦੀ ਮਿਤੀ ਨਿਰਧਾਰਿਤ ਕੀਤੀ ਜਾਵੇ, ਦੂਰ ਦਰਾਜ ਕੀਤੇ ਗਏ ਤਬਾਦਲੇ ਰੱਦ ਕੀਤੇ ਜਾਣ, ਜੂਨੀਅਰ ਇੰਜੀਨੀਅਰਾਂ ਨੂੰ 4914 ਦਾ ਲਾਭ ਦਿੱਤਾ ਜਾਵੇ, ਜੂਨੀਅਰ ਇੰਜੀਨੀਅਰਾਂ ਨੂੰ ਆਟਾ ਦਾਲ ਯੋਜਨਾ, ਚੋਣ ਡਿਊਟੀ ਜਾਂ ਹੋਰ ਬਾਹਰੀ ਕੰਮਾਂ 'ਚ ਲਗਾਉਣਾ ਬੰਦ ਕੀਤਾ ਜਾਵੇ, ਜਲ ਸਪਲਾਈ ਤੋਂ ਇਕੱਤਰ ਰੈਵਨਿਊ ਨੂੰ ਉਪ ਮੰਡਲਾਂ 'ਚ ਰੱਖਿਆ ਜਾਵੇ ਅਤੇ ਦੇਖ ਰੇਖ ਲਈ ਅਨੁਪਾਤ ਵਧਾ ਕੇ 50 ਫੀਸਦੀ ਕੀਤਾ ਜਾਵੇ। ਇਸ ਮੌਕੇ ਸਲਾਹਕਾਰ ਅਸ਼ੋਕ ਗਰਗ, ਜਨਰਲ ਸਕੱਤਰ ਹਰਿੰਦਰ ਸਿੰਘ ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


Related News