ਪੁਲਸ ਨੇ ਕੱਢਿਆ ਫਲੈਗ ਮਾਰਚ

08/15/2017 2:27:55 AM

ਮੋਗਾ, (ਆਜ਼ਾਦ)- ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਨੂੰ ਮੁੱਖ ਰਖਦਿਆਂ ਅੱਜ ਸ਼ਹਿਰ 'ਚ ਮੋਗਾ ਪੁਲਸ ਵੱਲੋਂ ਡੀ. ਐੱਸ. ਪੀ. ਸਿਟੀ ਗੋਬਿੰਦਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ 'ਚ ਥਾਣਾ ਸਿਟੀ ਮੋਗਾ-1 ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ, ਥਾਣਾ ਸਿਟੀ ਸਾਊਥ ਦੇ ਮੁਖੀ ਦਿਲਬਾਗ ਸਿੰਘ, ਥਾਣਾ ਸਦਰ ਦੇ ਮੁੱਖ ਅਫਸਰ ਇੰਸਪੈਕਟਰ ਰਮੇਸ਼ਪਾਲ, ਥਾਣਾ ਚੜਿੱਕ ਦੇ ਇੰਸਪੈਕਟਰ ਜਸਕਾਰ ਸਿੰਘ ਤੋਂ ਇਲਾਵਾ ਪੀ. ਸੀ. ਆਰ. ਪੁਲਸ ਕੰਟਰੋਲ ਰੂਮ ਨਾਲ ਸਬੰਧਿਤ ਮੁਲਾਜ਼ਮ ਹਾਜ਼ਰ ਸਨ। ਇਹ ਫਲੈਗ ਮਾਰਚ ਡੀ. ਐੱਸ. ਪੀ. ਸਿਟੀ ਮੋਗਾ ਦੇ ਦਫਤਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਪ੍ਰਤਾਪ ਰੋਡ, ਰੇਲਵੇ ਰੋਡ, ਥਾਣਾ ਚੜਿੱਕ ਦਾ ਇਲਾਕਾ, ਥਾਣਾ ਸਿਟੀ ਸਾਊਥ ਦੇ ਖੇਤਰ, ਅੰਮ੍ਰਿਤਸਰ ਰੋਡ, ਪੁਰਾਣਾ ਮੋਗਾ 'ਚੋਂ ਹੁੰਦਾ ਹੋਇਆ ਦੇਰ ਸ਼ਾਮ ਡੀ. ਐੱਸ. ਪੀ. ਦਫਤਰ ਵਿਖੇ ਆ ਕੇ ਸਮਾਪਤ ਹੋਇਆ।  ਇਸ ਮੌਕੇ ਡੀ. ਐੱਸ. ਪੀ. ਸਿਟੀ ਗੋਬਿੰਦਰ ਸਿੰਘ ਨੇ ਕਿਹਾ ਕਿ ਫਲੈਗ ਮਾਰਚ ਕੱਢਣ ਦਾ ਮੁੱਖ ਮੰਤਵ ਆਮ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ 15 ਅਗਸਤ ਅਤੇ ਜਨਮ ਅਸ਼ਟਮੀ ਨੂੰ ਲੈ ਕੇ ਮੋਗਾ ਜ਼ਿਲੇ 'ਚ ਸਾਰੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਗਾ ਪੁਲਸ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। 
ਬਾਘਾਪੁਰਾਣਾ,  (ਰਾਕੇਸ਼)-ਜ਼ਿਲਾ ਪੁਲਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਥਾਣਾ ਮੁਖੀ ਜੰਗਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਸ ਦੇ ਜਵਾਨਾਂ ਨੇ ਕਸਬੇ 'ਚ ਫਲੈਗ ਮਾਰਚ ਕੱਢਿਆ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਥਾਣਾ ਮੁਖੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਨੂੰ ਦੇਖਦਿਆਂ ਪੁਲਸ ਵੱਲੋਂ ਸਾਰੇ ਇਲਾਕੇ 'ਚ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। 
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਹਲਕੇ 'ਚ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਪਈ ਮਿਲਦੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ। ਇਸ ਦੌਰਾਨ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਕੇ ਵਾਹਨ ਚਾਲਕਾਂ ਦੀ ਚੈਕਿੰਗ ਵੀ ਕੀਤੀ। 


Related News