ਸੋਨੇ ਦੀ ਚੇਨ ਲੁੱਟ ਕੇ ਭੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ

Monday, July 17, 2017 7:22 AM
ਸੋਨੇ ਦੀ ਚੇਨ ਲੁੱਟ ਕੇ ਭੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ

ਜਲੰਧਰ,  (ਪ੍ਰੀਤ)— ਗੁਆਂਢੀ ਨੌਜਵਾਨ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਸੋਨੇ ਦੀ ਚੇਨ ਲੁੱਟ ਕੇ ਭੱਜੇ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਦੋਸ਼ੀ ਦੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਹਰਗੋਬਿੰਦ ਨਗਰ ਨਿਵਾਸੀ ਜਿਸ਼ਾਨ ਆਪਣਾ ਸੈਲੂਨ ਬੰਦ ਕਰ ਕੇ ਘਰ ਪਰਤ ਰਿਹਾ ਸੀ ਕਿ ਰਸਤੇ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਤੇ ਹੱਥੋਪਾਈ ਕਰ ਕੇ ਸੋਨੇ ਦੀ ਚੇਨ ਲੁੱਟ ਲਈ ਅਤੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਨੰ. 8 ਦੇ ਇੰਸਪੈਕਟਰ ਨਿਰਮਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਂਚ 'ਚ ਪੀੜਤ ਨੌਜਵਾਨ ਜਿਸ਼ਾਨ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੇ ਨਾਲ ਲੁੱਟ ਦੀ ਵਾਰਦਾਤ ਕਰਨ ਵਾਲੇ ਮੁਹੱਲੇ ਦੇ ਹੀ ਨੌਜਵਾਨ ਹਨ। ਸੁਰਾਗ ਮਿਲਦੇ ਹੀ ਇੰਸਪੈਕਟਰ ਨਿਰਮਲ ਸਿੰਘ, ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਵਾਰਦਾਤ ਤੋਂ ਬਾਅਦ ਇਕ ਦੋਸ਼ੀ ਨਵਦੀਪ ਸਿੰਘ ਪੁੱਤਰ ਗੁਰਸ਼ਰਨ ਸਿੰਘ ਨਿਵਾਸੀ ਹਰਗੋਬਿੰਦ ਨਗਰ ਨੂੰ ਕਾਬੂ ਕਰ ਲਿਆ। ਦੋਸ਼ੀ ਤੋਂ ਸੋਨੇ ਦੀ ਚੇਨ ਬਰਾਮਦ ਕਰ ਲਈ ਗਈ ਹੈ। ਉਸ ਨੇ ਪੁੱਛਗਿੱਛ ਵਿਚ ਦੱਸਿਆ ਕਿ ਵਾਰਦਾਤ ਵਿਚ ਉਸ ਦੇ ਨਾਲ ਮੁਹੱਲੇ ਦਾ ਹੀ ਦੂਜਾ ਨੌਜਵਾਨ ਸਰਬਜੀਤ ਸਿੰਘ ਉਰਫ ਸਾਬੀ ਵਾਸੀ ਹਰਗੋਬਿੰਦ ਨਗਰ ਹੈ। ਦੋਸ਼ੀ ਸਾਬੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਬਿਜਲੀ ਮਕੈਨਿਕ ਹੈ ਅਤੇ ਫਰਾਰ ਦੋਸ਼ੀ ਸਾਬੀ ਫੈਕਟਰੀ ਵਿਚ ਕੰਮ ਕਰਦਾ ਹੈ। ਦੋਵੇਂ ਨੌਜਵਾਨ ਨਸ਼ੇ ਦੇ ਆਦੀ ਹਨ।
ਹੱਥੋਪਾਈ 'ਚ ਮੌਕੇ 'ਤੇ ਰਹਿ ਗਿਆ ਰੁਮਾਲ- ਗ੍ਰਿਫਤਾਰ ਦੋਸ਼ੀ ਨਵਦੀਪ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਉਹ ਦੋਵੇਂ ਨਸ਼ੇ ਦੇ ਆਦੀ ਹਨ। ਕੁਝ ਦਿਨ ਪਹਿਲਾਂ ਉਸ ਨੇ ਜਿਸ਼ਾਨ ਦੇ ਸੈਲੂਨ 'ਤੇ ਜਾ ਕੇ ਉਸ ਤੋਂ 500 ਰੁਪਏ ਉਧਾਰ ਲਏ ਸਨ। ਉਸ ਨੇ ਜਿਸ਼ਾਨ ਨੂੰ ਗਲੇ ਵਿਚ ਸੋਨੇ ਦੀ ਚੇਨ ਪਹਿਨੇ ਦੇਖਿਆ। ਉਸ ਨੇ ਆਪਣੇ ਸਾਥੀ ਸਾਬੀ ਨਾਲ ਮਿਲ ਕੇ ਸੋਨੇ ਦੀ ਚੇਨ ਲੁੱਟਣ ਦੀ ਯੋਜਨਾ ਬਣਾਈ। ਬੀਤੀ ਰਾਤ ਜਿਸ਼ਾਨ ਸੈਲੂਨ ਤੋਂ ਘਰ ਪਰਤ ਰਿਹਾ ਸੀ ਤਾਂ ਉਹ ਦੋਵੇਂ ਉਸ ਕੋਲ ਰੁਕੇ ਤੇ ਅੱਖਾਂ 'ਚ ਮਿਰਚਾਂ ਦਾ ਪਾਊਡਰ ਪਾ ਦਿੱਤਾ। ਜਿਵੇਂ ਹੀ ਉਸ ਨੇ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕੀਤੀ ਤਾਂ ਜਿਸ਼ਾਨ ਨਾਲ ਹੱਥੋਪਾਈ ਹੋ ਗਈ। ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਜਿਸ਼ਾਨ ਨੇ ਇਕ ਤਾਂ ਦੋਸ਼ੀ ਦੀ ਆਵਾਜ਼ ਪਛਾਣ ਲਈ ਅਤੇ ਦੂਜਾ ਇਕ ਦੋਸ਼ੀ ਦਾ ਰੁਮਾਲ ਮੌਕੇ 'ਤੇ ਹੀ ਡਿੱਗ ਪਿਆ, ਜਿਸ ਦੇ ਆਧਾਰ 'ਤੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾ ਸਕਿਆ।