ਦੋਸ਼ੀ ਪੀੜਤ ਪਰਿਵਾਰ ਨੂੰ ਦੇ ਰਹੇ ਨੇ ਸ਼ਰੇਆਮ ਧਮਕੀਆਂ

08/19/2017 12:32:29 AM

ਮਾਲੇਰਕੋਟਲਾ,(ਯਾਸੀਨ)- ਡੇਢ ਮਹੀਨਾ ਪਹਿਲਾਂ ਇਕ ਨਾਬਾਲਗ਼ਾ ਨੂੰ ਵਰਗਲਾ ਕੇ ਲਿਜਾਣ ਵਾਲੇ 6 ਦੋਸ਼ੀਆਂ ਖਿਲਾਫ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਅਮਲ 'ਚ ਨਾ ਲਿਆਉਣ ਕਾਰਨ ਦੋਸ਼ੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ ਤੇ ਉਹ ਪੀੜਤ ਪਰਿਵਾਰ ਨੂੰ ਖਮਿਆਜ਼ਾ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ।
ਪੀੜਤਾ ਰਾਣੀ (ਕਾਲਪਨਿਕ ਨਾਂ) ਦੇ ਪਿਤਾ ਰਸ਼ੀਦ ਖਾਂ ਨੇ ਦੱਸਿਆ ਕਿ ਉਨ੍ਹਾਂ ਥਾਣਾ ਅਮਰਗੜ੍ਹ ਵਿਖੇ ਲੱਗਭਗ ਡੇਢ ਮਹੀਨਾ ਪਹਿਲਾਂ ਉਨ੍ਹਾਂ ਦੀ ਲੜਕੀ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਲਿਜਾਣ ਦੀ ਦਰਖਾਸਤ ਦਿੱਤੀ ਸੀ ਅਤੇ ਹੁਣ ਜਦੋਂ ਕਿ ਡੇਢ ਮਹੀਨਾ ਬੀਤ ਚੁੱਕਿਆ ਹੈ ਉਨ੍ਹਾਂ ਆਪਣੀ ਲੜਕੀ ਦੀ ਖੁਦ ਹੀ ਭਾਲ ਕਰ ਕੇ ਉਸ ਨੂੰ ਬਰਾਮਦ ਕੀਤਾ ਹੈ ਅਤੇ ਉਸ ਦੀ ਮਾਸੂਮ ਬੱਚੀ ਭਾਵ ਉਨ੍ਹਾਂ ਦੀ ਦੋਹਤੀ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲੀ, ਜਿਸ ਬਾਰੇ ਉਨ੍ਹਾਂ ਨੂੰ ਸ਼ੱਕ ਹੈ ਕਿ ਦੋਸ਼ੀਆਂ ਨੇ ਜਾਂ ਤਾਂ ਉਸ ਨੂੰ ਵੇਚ ਦਿੱਤਾ ਹੈ ਜਾਂ ਫਿਰ ਉਸ ਨੂੰ ਜਾਨੋਂ ਮਾਰ ਦਿੱਤਾ ਹੈ। 
ਪੀੜਤਾ ਨੇ ਦੱਸਿਆ ਕਿ ਉਸ ਦੀ ਫੋਨ 'ਤੇ ਕੁਲਦੀਪ ਪੁੱਤਰ ਸੂਰਜ ਵਾਸੀ ਅੱਬਾਸਪੁਰਾ ਨਾਲ ਗੱਲਬਾਤ ਦੋਸ਼ੀ ਦੀ ਭੈਣ ਮਮਤਾ ਜੋ ਕਿ ਪੀੜਤਾ ਦੀ ਸਹੇਲੀ ਸੀ, ਨੇ ਕਰਵਾਈ ਸੀ ਅਤੇ ਕੁਲਦੀਪ ਨੇ ਉਸ ਨੂੰ ਇਹ ਕਹਿ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦੀਆਂ ਕੁਝ ਫੋਟੋਆਂ ਉਨ੍ਹਾਂ ਕੋਲ ਹਨ ਜਿਸ ਦੀ ਆੜ 'ਚ ਉਸ ਨੇ ਪੀੜਤਾ ਨੂੰ ਕਿਹਾ ਕਿ ਜੇਕਰ ਉਹ ਆਪਣੀਆਂ ਫੋਟੋਆਂ ਲੈਣਾ ਚਾਹੁੰਦੀ ਹੈ ਤਾਂ ਰਾਤ ਸਮੇਂ ਆਪਣੇ ਘਰੋਂ ਗਹਿਣੇ ਤੇ ਨਕਦੀ ਆਦਿ ਲੈ ਆਵੇ। 
ਪੀੜਤਾ ਅਨੁਸਾਰ ਕੁਲਦੀਪ ਨਾਲ 5 ਹੋਰ ਉਸ ਦੇ ਸਾਥੀ ਸੰਜੇ ਪੁੱਤਰ ਸੂਰਜ ਵਾਸੀ ਅੱਬਾਸਪੁਰਾ, ਲਾਲੀ ਪੁੱਤਰ ਨਾਇਬਾ ਵਾਸੀ ਅੱਬਾਸਪੁਰਾ, ਆਦਿਲ ਉਰਫ ਆਲੂ ਪੁੱਤਰ ਸਿੱਦੂ ਵਾਸੀ ਅੱਬਾਸਪੁਰਾ, ਮੁੰਨਾ ਪੁੱਤਰ ਕੁਕਲੂ ਵਾਸੀ ਪਿੰਡ ਢੱਡੇਵਾੜਾ ਅਤੇ ਸੁਰੇਸ਼ ਵਾਸੀ ਗੌਂਡਾ ਉੱਤਰ ਪ੍ਰਦੇਸ਼ ਮੌਜੂਦ ਸਨ। ਜਿਨ੍ਹਾਂ ਜ਼ਬਰਦਸਤੀ ਉਸ ਦੀ ਮਾਸੂਮ ਬੱਚੀ ਨੂੰ ਉਸ ਕੋਲੋਂ ਬੰਦੂਕ ਦੀ ਨੋਕ 'ਤੇ ਖੋਹ ਕੇ ਪੀੜਤਾ ਨੂੰ ਗੱਡੀ 'ਚ ਸੁੱਟ ਲਿਆ ਤੇ ਅਹਿਮਦਗੜ੍ਹ ਲੈ ਗਏ ਜਿੱਥੇ ਇਕ ਕਮਰੇ 'ਚ ਉਸ ਨੂੰ ਦੋ ਦਿਨ ਰੱਖ ਕੇ ਉਸ ਨਾਲ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ। 
ਪੀੜਤਾ ਅਨੁਸਾਰ ਕੁਲਦੀਪ ਤੇ ਉਸ ਦੇ ਸਾਥੀਆਂ ਦੀ ਸਾਜ਼ਿਸ਼ 'ਤੇ ਸੁਰੇਸ਼ ਦੇ ਘਰ ਵਾਲਿਆਂ ਨੇ ਉਸ ਦੀ ਬੱਚੀ ਨੂੰ ਜਾਣਬੁੱਝ ਕੇ ਇਧਰ ਓਧਰ ਕੀਤਾ ਹੈ। ਪੀੜਤ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ, ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐੱਸ. ਐੱਸ. ਪੀ. ਸੰਗਰੂਰ ਨੂੰ ਦਰਖਾਸਤਾਂ ਭੇਜ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨਾਬਾਲਗਾ ਨਾਲ ਜਬਰ-ਜ਼ਨਾਹ ਤੇ ਬੱਚੀ ਨੂੰ ਅਗਵਾ ਕਰਨ ਜਾਂ ਜਾਨੋਂ ਮਾਰਨ ਦੀਆਂ ਸਖਤ ਧਾਰਾਵਾਂ ਦੀ ਬਜਾਏ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਸਿਰਫ 363 ਤੇ 366-ਏ ਜਿਹੀਆਂ ਧਾਰਾਵਾਂ ਲਾਈਆਂ ਗਈਆਂ ਹਨ।
ਜਦੋਂ ਇਸ ਸਬੰਧੀ ਐੱਸ. ਐੱਚ. ਓ. ਅਮਰਗੜ੍ਹ ਬਲਜੀਤ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੁਲਜ਼ਮ ਕੁਲਦੀਪ ਨੂੰ ਉਨ੍ਹਾਂ ਕਾਬੂ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ । ਕੁਲਦੀਪ ਦੀ ਭੈਣ ਮਮਤਾ ਅਤੇ ਗੌਂਡਾ ਦੇ ਸੁਰੇਸ਼ ਦਾ ਨਾਂ ਐੱਫ. ਆਈ. ਆਰ. 'ਚ ਸ਼ਾਮਲ ਨਾ ਕਰਨ ਸਬੰਧੀ ਉਨ੍ਹਾਂ ਦਾ ਕਹਿਣਾ ਸੀ ਕਿ ਪੀੜਤ ਲੜਕੀ ਦੇ ਪਿਤਾ ਵੱਲੋਂ ਲਿਖਵਾਏ ਬਿਆਨਾਂ ਦੇ ਆਧਾਰ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਅਜੇ ਜਾਂਚ ਹੋ ਰਹੀ ਹੈ ਜੇਕਰ ਸੁਰੇਸ਼ ਦੋਸ਼ੀ ਪਾਇਆ ਗਿਆ ਤਾਂ ਉਸ ਦਾ ਨਾਂ ਜ਼ਰੂਰ ਸ਼ਾਮਲ ਕੀਤਾ ਜਾਵੇਗਾ।  ਉਨ੍ਹਾਂ ਪੁਲਸ ਪਾਰਟੀ ਗੌਂਡਾ ਭੇਜ ਕੇ ਇਹ ਸਪੱਸ਼ਟ ਕਰ ਲਿਆ ਹੈ ਕਿ ਪੀੜਤਾ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ ।


Related News