ਬਾਹਰਲੀ ਫਿਰਨੀ ਨਾ ਬਣਨ ਕਾਰਨ ਪਿੰਡ ਧਰਮੂ ਵਾਲਾ ਦੇ ਲੋਕ ਪ੍ਰੇਸ਼ਾਨ

08/17/2017 1:08:20 PM


ਜਲਾਲਾਬਾਦ(ਨਿਖੰਜ) – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਨੇ ਵਿਕਾਸ ਕਾਰਜਾਂ 'ਤੇ ਖਰਚ ਕਰਨ ਲਈ ਜਲਾਲਾਬਾਦ ਬਲਾਕ ਦੇ ਪਿੰਡਾਂ 'ਚ ਵੱਖ-ਵੱਖ ਸਕੀਮਾਂ ਦੇ ਅਧੀਨ ਕਰੋੜਾਂ ਰੁਪਏ ਖਰਚ ਕਰਨ ਲਈ ਦਿੱਤੇ ਸਨ ਪਰ ਵਿਭਾਗ ਦੇ ਠੇਕੇਦਾਰਾਂ ਅਤੇ ਅਧਿਕਾਰੀਆਂ ਨੇ ਇਨ੍ਹਾਂ ਗ੍ਰਾਂਟਾ ਵਿੱਚ ਵੱਡੀ ਘਪਲੇਬਾਜ਼ੀ ਕਰਕੇ ਇਸ ਸਰਕਾਰੀ ਪੈਸੇ ਦੀ ਬੇਕਦਰੀ ਕਰ ਦਿੱਤੀ। ਜਿਸਦੇ ਕਾਰਨ ਹੁਣ ਪਿੰਡਾਂ ਦੇ ਲੋਕਾਂ ਨੂੰ ਵਿਕਾਸ ਦੇ ਕੰਮਾਂ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਅਜਿਹੀ ਇਕ ਮਿਸਾਲ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਮੋਹਰ ਸਿੰਘ ਵਾਲਾ (ਧਰਮੂ ਵਾਲਾ ) ਦੇ ਚੜ੍ਹਦੇ ਪਾਸੇ ਵਾਲੀ ਫਿਰਨੀ ਨਾ ਬਣਨ ਦੇ ਕਾਰਨ ਪਿੰੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਮੇਹਰ ਸਿੰਘ , ਡਾ.ਸੋਨਾਂ ਸਿੰਘ, ਵੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦੀ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਰਾਸ਼ੀ ਦਿੱਤੀ ਗਈ ਪਰ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੇ ਉਨਾਂ ਦੇ ਘਰਾਂ ਵੱਲ ਜਾਣ ਵਾਲੀ ਫਿਰਨੀ ਅਤੇ ਨਿਕਾਸੀ ਪਾਣੀ ਵਾਲੀ ਨਾਲੀ ਨੂੰ ਨਹੀਂ ਬਣਾਇਆ। ਪਹਿਲਾਂ ਤੋਂ ਬਣੀ ਨਾਲੀ ਅਤੇ ਫਿਰਨੀ ਆਪਣੀ ਤਰਸਯੋਗ ਹਾਲਤ 'ਤੇ ਆਪ ਅਥਰੂ ਵਹਾਅ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਘਰਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਪਾਣੀ ਕੱਢਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਫਿਰਨੀ ਮੀਂਹ ਦੇ ਦਿਨਾਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ, ਜਿਸ ਕਾਰਨ ਲੋਕਾਂ ਦਾ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਇਸ ਨਾਲ ਸਬੰਧਿਤ ਵਿਭਾਗ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਪਿੰਡ ਦੇ ਚੜ੍ਹਦੇ ਪਾਸੇ ਵਾਲੀ ਫਿਰਨੀ ਅਤੇ ਨਿਕਾਸੀ ਪਾਣੀ ਵਾਲੀ ਨਾਲੀ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। 
ਇਸ ਸਬੰਧੀ ਜਦੋਂ ਪਿੰਡ 'ਚ ਵਿਕਾਸ ਕਾਰਜਾਂ ਦਾ ਕੰਮ ਕਰ ਰਹੇ ਠੇਕੇਦਾਰ ਪ੍ਰਿੰਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ  ਸਰਕਾਰ ਵੱਲੋਂ ਜਿੰਨੇ ਵੀ ਫੰਡ ਜਾਰੀ ਕੀਤੇ ਗਏ ਸਨ ਉਨ੍ਹਾਂ ਫੰਡਾਂ ਰਾਹੀ ਕੰਮ ਕਰਵਾਇਆ ਗਿਆ ਹੈ ਅਤੇ ਹੁਣ ਨਵੇਂ ਫੰਡ ਜਾਰੀ ਹੋਣ 'ਤੇ ਕੰਮ ਫਿਰ ਤੋਂ ਚਾਲੂ ਕਰ ਦਿੱਤਾ ਜਾਵੇਗਾ।


Related News