ਜਾਨ ਤਲੀ ''ਤੇ ਧਰ ਕੇ ਮੁਲਾਜ਼ਮ ਕਰਦੇ ਨੇ ਮਰੀਜ਼ਾਂ ਦੇ ਐਕਸਰੇ

12/13/2017 6:54:22 AM

ਅੰਮ੍ਰਿਤਸਰ,   (ਦਲਜੀਤ)-  ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਸਥਿਤ ਐਕਸਰੇ ਵਿਭਾਗ ਦੇ ਮੁਲਾਜ਼ਮ ਜਾਨ ਤਲੀ 'ਤੇ ਰੱਖ ਕੇ ਮਰੀਜ਼ਾਂ ਦੇ ਐਕਸਰੇ ਕਰ ਰਹੇ ਹਨ। ਐਕਸਰੇ ਮਸ਼ੀਨਾਂ 'ਚੋਂ ਨਿਕਲਣ ਵਾਲੀਆਂ ਕਿਰਨਾਂ ਰੋਕਣ ਵਿਚ ਅਤਿ-ਜ਼ਰੂਰੀ ਸਮਝੇ ਜਾਂਦੇ ਟਰਾਂਸਲਿਊਸ਼ਨ ਡੈਜ਼ੀਮੀਟਰ ਬੈਚ (ਟੀ. ਏ. ਐੱਲ. ਡੀ.) ਪਿਛਲੇ ਕਈ ਮਹੀਨਿਆਂ ਤੋਂ ਖਤਮ ਹੋਣ ਕਾਰਨ ਸਬੰਧਤ ਵਿਭਾਗ ਦੇ ਮੁਲਾਜ਼ਮ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਹਸਪਤਾਲ ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਹੁਣ ਮੁਲਾਜ਼ਮ ਐਕਸਰੇ ਵਿਭਾਗ 'ਚ ਡਿਊਟੀ ਦੇਣ ਤੋਂ ਕੰਨੀ ਕਤਰਾਉਣ ਲੱਗੇ ਹਨ।
ਜਾਣਕਾਰੀ ਅਨੁਸਾਰ ਏ. ਈ. ਆਰ. ਬੀ. ਵੱਲੋਂ ਸਖਤ ਹਦਾਇਤ ਦਿੱਤੀ ਗਈ ਹੈ ਕਿ ਜਿਸ ਹਸਪਤਾਲ ਵਿਚ ਐਕਸਰੇ ਮਸ਼ੀਨ ਰਾਹੀਂ ਕੰਮ ਹੋ ਰਿਹਾ ਹੈ, ਉਸ ਮਸ਼ੀਨ ਨੂੰ ਚਲਾਉਣ ਵਾਲੇ ਰੇਡੀਓਗ੍ਰਾਫਰ ਜਾਂ ਰੇਡੀਓਲੋਜਿਸਟ ਕੋਲ ਟੀ. ਏ. ਐੱਲ. ਡੀ. ਬੈਚ ਹੋਣਾ ਬੇਹੱਦ ਜ਼ਰੂਰੀ ਹੈ, ਬੈਚ ਨਾ ਹੋਣ ਦੀ ਸੂਰਤ 'ਚ ਮੁਲਾਜ਼ਮ ਕੋਲੋਂ ਕੰਮ ਨਾ ਕਰਵਾਇਆ ਜਾਵੇ। ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਐਕਸਰੇ ਵਿਭਾਗ ਦੀ ਗੱਲ ਕਰੀਏ ਤਾਂ ਇਥੇ ਪਿਛਲੇ 9 ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਉਕਤ ਬੈਚ ਬਿਲਕੁਲ ਖਤਮ ਹੋਏ ਪਏ ਹਨ। ਮੁਲਾਜ਼ਮ ਬਿਨਾਂ ਬੈਚਾਂ ਤੋਂ ਭਿਆਨਕ ਕਿਰਨਾਂ ਦਾ ਸਾਹਮਣਾ ਕਰਦੇ ਮਰੀਜ਼ਾਂ ਦੇ ਐਕਸਰੇ ਕਰ ਰਹੇ ਹਨ। ਮੁਲਾਜ਼ਮਾਂ ਨੇ ਕਈ ਵਾਰ ਉੱਚ ਅਧਿਕਾਰੀਆਂ ਅੱਗੇ ਆਪਣੀ ਬੇਵਸੀ ਜ਼ਾਹਿਰ ਵੀ ਕੀਤੀ ਪਰ ਅੱਜ ਤੱਕ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਿਆ।
ਕੀ ਹੈ ਟੀ. ਏ. ਐੱਲ. ਡੀ.?
ਟੀ. ਏ. ਐੱਲ. ਡੀ. ਇਕ ਅਜਿਹਾ ਉਪਕਰਨ ਹੈ ਜੋ ਕਿ ਐਕਸਰੇ ਮਸ਼ੀਨਾਂ 'ਚੋਂ ਨਿਕਲਣ ਵਾਲੀਆਂ ਕਿਰਨਾਂ ਲਈ ਸਹਾਇਕ ਹੁੰਦਾ ਹੈ। ਪ੍ਰਮਾਣੂ ਊਰਜਾ ਨਿਆਮਕ ਪ੍ਰੀਸ਼ਦ ਦੇ ਅਟਾਮਿਕ ਐਨਰਜੀ ਦੇ ਨਿਗਮ 2004 ਅਨੁਸਾਰ ਐਕਸਰੇ ਰੂਮ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਉਕਤ ਬੈਚ ਬੇਹੱਦ ਜ਼ਰੂਰੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਐਕਸਰੇ ਵਿਭਾਗ 'ਚ ਬੈਚ ਨਾ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਮੁਲਾਜ਼ਮ ਮੁਸ਼ਕਲਾਂ ਨਾਲ ਜੂਝ ਰਹੇ ਹਨ।
ਥਿਏਟਰਾਂ 'ਚ ਵੀ ਨਹੀਂ ਹੁੰਦਾ ਬੈਚ ਦਾ ਇਸਤੇਮਾਲ
ਪ੍ਰਮਾਣੂ ਊਰਜਾ ਨਿਆਮਕ ਪ੍ਰੀਸ਼ਦ ਵੱਲੋਂ ਅਤਿ-ਜ਼ਰੂਰੀ ਐਲਾਨੇ ਗਏ ਟੀ. ਏ. ਐੱਲ. ਡੀ. ਬੈਚ ਦਾ ਇਸਤੇਮਾਲ ਕੀਤੇ ਬਿਨਾਂ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਆਪ੍ਰੇਸ਼ਨ ਥਿਏਟਰਾਂ 'ਚ ਮਰੀਜ਼ਾਂ ਦੇ ਐਕਸਰੇ ਕਰ ਰਹੇ ਹਨ। ਡਾਕਟਰਾਂ ਤੋਂ ਇਲਾਵਾ ਥਿਏਟਰ 'ਚ ਮੌਜੂਦ ਹਰੇਕ ਮੁਲਾਜ਼ਮ ਐਕਸਰੇ ਦੀਆਂ ਭਿਆਨਕ ਕਿਰਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਥਿਏਟਰ 'ਚ ਐਕਸਰੇ ਕਿਰਨਾਂ ਆਪਣਾ ਵੱਧ ਅਸਰ ਨਹੀਂ ਦਿਖਾਉਂਦੀਆਂ।
ਰੋਜ਼ਾਨਾ ਹੁੰਦੇ ਹਨ 300 ਐਕਸਰੇ
ਹਸਪਤਾਲ ਦੇ ਐਕਸਰੇ ਵਿਭਾਗ 'ਚ ਤਾਇਨਾਤ ਇਕ ਦਰਜਨ ਤੋਂ ਵੱਧ ਸਟਾਫ ਓ. ਪੀ. ਡੀ., ਐਮਰਜੈਂਸੀ ਤੇ ਵਾਰਡਾਂ 'ਚ ਦਾਖਲ ਮਰੀਜ਼ਾਂ ਦੇ ਰੋਜ਼ਾਨਾ 300 ਦੇ ਕਰੀਬ ਐਕਸਰੇ ਕਰਦਾ ਹੈ। 
ਇਕ ਐਕਸਰੇ ਤੋਂ ਨਿਕਲਣ ਵਾਲੀਆਂ ਕਿਰਨਾਂ ਹੀ ਕਾਫੀ ਖ਼ਤਰਨਾਕ ਹੁੰਦੀਆਂ ਹਨ ਪਰ ਜਿਹੜੇ ਮੁਲਾਜ਼ਮ ਦਿਨ 'ਚ 300 ਐਕਸਰੇ ਕਰਦੇ ਹਨ, ਉਨ੍ਹਾਂ ਵਿਚ ਐਕਸਰੇ ਕਿਰਨਾਂ ਦਾ ਪ੍ਰਭÎਾਵ ਬਹੁਤ ਵੱਧ ਜਾਂਦਾ ਹੈ। ਨਵਾਂ ਕੋਈ ਵੀ ਮੁਲਾਜ਼ਮ ਇਸੇ ਕਰ ਕੇ ਉਕਤ ਵਿਭਾਗ 'ਚ ਕੰਮ ਕਰਨ ਤੋਂ ਕੰਨੀ ਕਤਰਾਉਂਦਾ ਰਹਿੰਦਾ ਹੈ।
ਮੁਲਾਜ਼ਮ ਹੋ ਰਹੇ ਹਨ ਬੀਮਾਰੀਆਂ ਦੇ ਸ਼ਿਕਾਰ
ਐਕਸਰੇ ਵਿਭਾਗ 'ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕਈ ਮੁਲਾਜ਼ਮਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਨਫੈਕਸ਼ਨ ਤੇ ਵਾਲ ਚੜ੍ਹਨ ਦੀ ਬੀਮਾਰੀ ਹੋ ਗਈ ਹੈ। ਅਧਿਕਾਰੀਆਂ ਨੂੰ ਕਈ ਵਾਰ ਤਰੁੱਟੀਆਂ ਠੀਕ ਕਰਵਾਉਣ ਜਾਂ ਉਨ੍ਹਾਂ ਦੀ ਸਬੰਧਤ ਥਾਂ ਤੋਂ ਡਿਊਟੀ ਬਦਲਣ ਲਈ ਵੀ ਕਿਹਾ ਗਿਆ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ।
ਉਨ੍ਹਾਂ ਤਾਂ ਇਹ ਵੀ ਦੱਸਿਆ ਕਿ ਉਕਤ ਵਿਭਾਗ 'ਚ ਸੇਵਾਮੁਕਤ ਹੋਏ ਕਈ ਮੁਲਾਜ਼ਮਾਂ ਨੂੰ ਕੈਂਸਰ ਵੀ ਹੋ ਗਿਆ ਸੀ।


Related News