ਮਾਂ ਨੇ ਕਿਹਾ-''ਜੇ ਲੜਕਾ ਮੰਨ ਜਾਂਦਾ ਤਾਂ ਅੱਜ ਜਿੰਦਾ ਹੁੰਦੀ ਸਾਡੀ ਧੀ''

Friday, April 21, 2017 10:41 AM
ਮਾਂ ਨੇ ਕਿਹਾ-''ਜੇ ਲੜਕਾ ਮੰਨ ਜਾਂਦਾ ਤਾਂ ਅੱਜ ਜਿੰਦਾ ਹੁੰਦੀ ਸਾਡੀ ਧੀ''

ਲੁਧਿਆਣਾ, (ਵਰਮਾ) - ਬੁੱਧਵਾਰ ਨੂੰ ਥਾਣਾ ਡਵੀਜ਼ਨ ਨੰ. 6 ਅਧੀਨ ਆਉਂਦੇ ਹਰਗੋਬਿੰਦ ਮਾਰਗ ''ਤੇ ਸਥਿਤ ਰਾਮ ਨਗਰ ''ਚ ਇਕ 24 ਸਾਲਾ ਲੜਕੀ ਨੇ ਲੜਕੇ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ ਦੇ ਮਾਮਲੇ ''ਚ ਗੁੱਸੇ ''ਚ ਆਏ ਮ੍ਰਿਤਕਾ ਦੇ ਪਰਿਵਾਰ ਨੇ ਇਲਾਕਾ ਨਿਵਾਸੀਆਂ ਸਮੇਤ ਵੀਰਵਾਰ ਨੂੰ ਸੀ. ਐੱਮ. ਸੀ. ਚੌਕ ''ਤੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ।
ਮ੍ਰਿਤਕਾ ਦੇ ਪਰਿਵਾਰਾਂ ਵਾਲੇ ਜਿਥੇ ਦੋਸ਼ੀ ਵਿੱਕੀ ਚੌਹਾਨ ਦੀ ਗ੍ਰਿਫਤਾਰ ਦੀ ਮੰਗ ਕਰ ਰਹੇ ਸਨ, ਉਥੇ ਉਨ੍ਹਾਂ ਦਾ ਕਹਿਣਾ ਕਿ ਜੇਕਰ ਵਿੱਕੀ ਵਿਆਹ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਬੇਟੀ ਅੱਜ ਇਸ ਦੁਨੀਆ ''ਚ ਜ਼ਿੰਦਾ ਹੁੰਦੀ। ਉਥੇ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਹਰਕਮਲ ਕੌਰ, ਥਾਣਾ ਡਵੀਜ਼ਨ ਨੰ. 3 ਦੇ ਏ. ਐੱਸ. ਆਈ. ਸੁਖਦੇਵ ਰਾਜ ਪੁਲਸ ਫੋਰਸ ਸਮੇਤ ਮੌਕੇ ''ਤੇ ਪਹੁੰਚੇ।
ਇਹ ਸੀ ਮਾਮਲਾ
ਵਰਨਣਯੋਗ ਹੈ ਕਿ ਬੁੱਧਵਾਰ ਸ਼ਾਮ 4 ਵਜੇ ਦੀ ਕਰੀਬ ਰਾਮ ਨਗਰ ਦੀ ਗਲੀ ਨੰ. 2 ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਮਨਪ੍ਰੀਤ ਦੀ ਮਾਤਾ ਰਵਿੰਦਰ ਕੌਰ ਤੇ ਪਿਤਾ ਪਰਮਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਦੀ ਰਾਹੋਂ ਰੋਡ ਦੇ ਨਿਵਾਸੀ ਵਿੱਕੀ ਚੌਹਾਨ ਨਾਲ ਦੋਸਤੀ ਸੀ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਅਚਾਨਕ ਲੜਕੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਮਨਪ੍ਰੀਤ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ।
ਪੁਲਸ ਨੂੰ ਬੁੱਧਵਾਰ ਰਾਤ ਨਹੀਂ ਮਿਲਿਆ ਦੋਸ਼ੀ ਦੇ ਘਰ ਕੋਈ : ਏ. ਸੀ. ਪੀ. ਹਰਕਮਲ ਕੌਰ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਬੁੱਧਵਾਰ ਰਾਤ ਪੁਲਸ ਵਿੱਕੀ ਚੌਹਾਨ ਦੇ ਘਰ ਗਈ ਸੀ ਪਰ ਪੁਲਸ ਨੂੰ ਉਥੇ ਕੋਈ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਥੇ ਏ. ਸੀ. ਪੀ. ਨੇ ''ਜਗ ਬਾਣੀ'' ਨੂੰ ਦੱਸਿਆ ਕਿ ਵਿੱਕੀ ਚੌਹਾਨ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਦੀ ਢਿੱਲੀ ਕਾਰਵਾਈ ਕਾਰਨ ਦਿੱਤਾ ਧਰਨਾ
ਮਨਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਸਮੇਤ ਵਿੱਕੀ ਚੌਹਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਡਵੀਜ਼ਨ ਨੰ. 6 ਗਏ ਸਨ, ਜਿਥੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮਨਪ੍ਰੀਤ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਕੀਤੀ ਜਾ ਰਹੀ ਢਿੱਲੀ ਕਾਰਵਾਈ ਦੇ ਬਾਅਦ ਉਨ੍ਹਾਂ ਨੂੰ ਮਜਬੂਰਨ ਧਰਨੇ ਪ੍ਰਦਰਸ਼ਨ ਦਾ ਕਦਮ ਚੁੱਕਣਾ ਪਿਆ। ਮ੍ਰਿਤਕਾ ਦੇ ਪਰਿਵਾਰ, ਰਿਸ਼ਤੇਦਾਰ ਤੇ ਇਲਾਕਾ ਵਾਸੀ ਸਵੇਰੇ ਕਰੀਬ 10 ਵਜੇ ਤੋਂ ਸੀ. ਐੱਮ. ਸੀ. ਚੌਕ ''ਤੇ ਧਰਨੇ ''ਚ ਡਟ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ ਨਾ ਹੀ ਲੜਕੀ ਦਾ ਸਸਕਾਰ ਕਰਨਗੇ।
ਐਂਬੂਲੈਂਸਾਂ ਨੂੰ ਦਿੱਤਾ ਰਸਤਾ
ਸੀ. ਐੱਮ. ਸੀ. ਚੌਕ ''ਤੇ ਉਕਤ ਧਰਨੇ ਪ੍ਰਦਰਸ਼ਨ ਕਾਰਨ ਜਾਮ ਦੀ ਹਾਲਤ ਬਣ ਗਈ। ਅਜਿਹੇ ''ਚ ਉਥੇ ਵਾਹਨ ਚਾਲਕ ਪ੍ਰੇਸ਼ਾਨ ਹੁੰਦੇ ਰਹੇ, ਉਥੇ ਧਰਨਕਾਰੀਆਂ ਨੇ ਆਈਆਂ ਐਂਬੂਲੈਂਸਾਂ ਨੂੰ ਜਾਣ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਰਨੇ ਦੀ ਵਜ੍ਹਾ ਨਾਲ ਕਿਸੇ ਮਰੀਜ਼ ਦੀ ਜਾਨ ਨਾ ਚਲੀ ਜਾਵੇ।
ਅਧਿਕਾਰੀਆਂ ਦੇ ਵਿਸ਼ਵਾਸ ਦੇ ਬਾਅਦ ਖਤਮ ਕੀਤਾ ਧਰਨਾ
ਦੱਸ ਦੇਈਏੇ ਕਿ ਏ. ਡੀ. ਸੀ. ਪੀ. ਕੁਲਦੀਪ ਸ਼ਰਮਾ, ਏ. ਸੀ. ਪੀ. ਹਰਕਮਲ ਕੌਰ, ਏ. ਸੀ. ਪੀ. ਅਮਨਦੀਪ ਬਰਾੜ ਨੇ ਧਰਨਾ ਸਥਾਨ ''ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਵਿਸ਼ਵਾਸ ਦਿੱਤਾ ਕਿ ਦੋਸ਼ੀ ਵਿੱਕੀ ਚੌਹਾਨ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੇ ਵਿਸ਼ਵਾਸ ਦੇ ਬਾਅਦ ਹੀ 2.30 ਵਜੇ ਧਰਨਾ ਖਤਮ ਕੀਤਾ ਗਿਆ। ਉਥੇ ਅਧਿਕਾਰੀਆਂ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮ੍ਰਿਤਕਾ ਦੀ ਲਾਸ਼ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!