ਮੰਡ ਹੁਸੈਨਪੁਰ ਬੂਲੇ ਦੀ 219 ਏਕੜ ਜ਼ਮੀਨ ਦਾ ਮਾਮਲਾ ਹੋਰ ਭਖਿਆ

10/13/2017 12:39:33 PM


ਸੁਲਤਾਨਪੁਰ ਲੋਧੀ (ਸੋਢੀ)- ਪਿੰਡ ਮੰਡ ਹੁਸੈਨਪੁਰ ਬੂਲੇ ਦੀ 219 ਏਕੜ ਦੇ ਕਰੀਬ ਜ਼ਮੀਨ ਤੇ ਕਿਸਾਨਾਂ ਵੱਲੋਂ ਲਾਇਆ ਹੋਇਆ ਝੋਨਾ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕਟਵਾਉਣ ਲਈ ਸੈਂਕੜੇ ਪੁਲਸ ਕਰਮਚਾਰੀਆਂ ਦੀ ਸੁਰੱਖਿਆ ਲਈ ਗਈ ਹੈ ਤੇ ਝੋਨੇ ਦੀ ਕਟਾਈ ਦੀ ਕਿਸਾਨਾਂ ਤੇ ਪ੍ਰਸ਼ਾਸਨ ਵਿਚਕਾਰ ਚਲਦੀ ਟੱਕਰ ਹੁਣ ਸਿਖਰਾਂ 'ਤੇ ਪੁੱਜ ਗਈ ਹੈ। ਪੰਚਾਇਤ ਵਿਭਾਗ ਵੱਲੋਂ ਇਸ ਮੰਡ ਖੇਤਰ ਦੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦੱਸਦੇ ਹੋਏ ਇਸਦਾ ਦਖਲ ਲੈਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੁਲਸ ਦੀ ਸਹਾਇਤਾ ਨਾਲ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੇ ਪੱਖ 'ਚ ਕਿਸਾਨ ਸੰਘਰਸ਼ ਕਮੇਟੀ ਤੇ ਹੋਰ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਵੀ ਪੁੱਜੀਆਂ ਹੋਈਆਂ ਹਨ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। 
ਪਿਛਲੇ ਕਈ ਸਾਲਾਂ ਤੋਂ ਦਰਿਆ ਬਿਆਸ ਦੇ ਧੁੱਸੀ ਬੰਨ੍ਹ ਦੇ ਅੰਦਰਲੇ ਪਾਸੇ ਪੈਂਦੀ ਇਸ ਜ਼ਮੀਨ ਨੂੰ ਵਾਹੀਯੋਗ ਬਣਾ ਕੇ ਤੇ  ਘਰ ਬਣਾ ਕੇ ਰਹਿ ਰਹੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਆਪਣੀਆਂ ਜਾਨਾਂ ਦੇ ਦੇਣਗੇ ਪਰ ਆਪਣੀ ਕਬਜ਼ੇ ਵਾਲੀ ਜ਼ਮੀਨ ਨਹੀਂ ਦੇਣਗੇ। ਪਿਛਲੇ ਚਾਰ ਦਿਨਾਂ ਤੋਂ ਕਿਸਾਨ ਤੇ ਔਰਤਾਂ ਵੱਲੋਂ ਜ਼ਮੀਨ ਬਚਾਉਣ ਲਈ ਵੱਡਾ ਅੰਦੋਲਨ ਛੇੜਿਆ ਹੋਇਆ ਹੈ। ਉੱਧਰ ਪੰਜਾਬ ਦੀਆਂ 6 ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਬੇ-ਦਖਲੀ ਖਿਲਾਫ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਿੰਡ ਦੀਆਂ ਕੁਝ ਔਰਤਾਂ ਵਲੋਂ ਕੀਟਨਾਸ਼ਕ ਜ਼ਹਿਰੀਲੀ ਦਵਾਈ ਦੀਆਂ ਸ਼ੀਸ਼ੀਆਂ ਹੱਥਾਂ 'ਚ ਫੜ ਕੇ ਇਹ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦਾ ਲਾਇਆ ਝੋਨਾ ਸਰਕਾਰ ਨੇ ਜਬਰਨ ਕਟਵਾਇਆ ਤਾਂ ਉਹ ਆਪਣੀ ਜਾਨ ਦੇ ਦੇਣਗੀਆਂ। ਅੱਜ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਵਲੋਂ ਮੌਕੇ 'ਤੇ ਪੁੱਜ ਕੇ ਕਿਸਾਨਾਂ ਦੇ ਉਜਾੜੇ ਦੀ ਨਿੰਦਾ ਕੀਤੀ ਹੈ।
ਇਸ ਦੇ ਨਾਲ ਹੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭਰੋਆਣਾ ਤੇ ਹੋਰਨਾਂ ਆਗੂ ਵੀ ਮੌਕੇ 'ਤੇ ਪੁੱਜ ਕੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿੰਦਾ ਕੀਤੀ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ, ਸਰਵਨ ਸਿੰਘ ਬਾਊਪੁਰ, ਕੁਲਵੰਤ ਸਿੰਘ ਭੈਣੀ ਆਦਿ ਵੀ ਅੱਜ ਦੇ ਰੋਸ ਧਰਨੇ 'ਚ ਸ਼ਾਮਲ ਹੋਏ ਹਨ।


Related News