ਸ਼ਾਨਦਾਰ ਥਾਣਾ ਇਮਾਰਤਾਂ ਨੂੰ ਗ੍ਰਹਿਣ ਲਾ ਰਹੇ ਹਨ ਕਬਾੜਨੁਮਾ ਵਾਹਨ

07/17/2017 7:05:18 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੇ ਵੱਖ-ਵੱਖ ਥਾਣਿਆਂ 'ਚ ਕਈ ਸਾਲਾਂ ਤੋਂ ਪਏ ਕਬਾੜ ਤੇ ਕੰਡਮ ਵਾਹਨਾਂ ਨਾਲ ਥਾਣਾ ਖੇਤਰ ਹੀ ਨਹੀਂ ਆਸ-ਪਾਸ ਦੇ ਖੇਤਰਾਂ ਦਾ ਵੀ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਕਈ ਥਾਣਿਆਂ ਦੀ ਬਣੀਆਂ ਸ਼ਾਨਦਾਰ ਇਮਾਰਤਾਂ ਨੂੰ ਵੀ ਇਹ ਕਬਾੜਨੁਮਾ ਵਾਹਨ ਗ੍ਰਹਿਣ ਲਗਾ ਰਹੇ ਹਨ। ਪੰਜਾਬ ਪੁਲਸ ਦੇ ਅਧਿਕਾਰੀਆਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।     ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਉਣ ਲਈ ਵੱਡੇ-ਵੱਡੇ ਪੁਲਸ ਅਧਿਕਾਰੀਆਂ ਨੇ ਕੇਵਲ ਜੇਲਾਂ ਸਮੇਤ ਹੋਰ ਥਾਣਿਆਂ ਤੇ ਪੁਲਸ ਦਫਤਰਾਂ 'ਚ ਝਾੜੂ ਲਗਾ ਕੇ ਖਾਨਾਪੂਰਤੀ ਕੀਤੀ ਹੈ ਪਰ ਪਏ ਕਬਾੜ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ। ਕਈ ਥਾਣਿਆਂ 'ਚ 200 ਤੋਂ ਵੀ ਜ਼ਿਆਦਾ ਵਾਹਨ ਪਏ ਹਨ। ਇਕ ਪਾਸੇ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਰੇ ਮੁੱਖ ਮੰਤਰੀਆਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 
ਹਜ਼ਾਰਾਂ ਦੀ ਗਿਣਤੀ 'ਚ ਥਾਣਿਆਂ 'ਚ ਕੰਡਮ ਪਏ ਹਨ ਵਾਹਨ- 'ਜਗ ਬਾਣੀ' ਦੀ ਟੀਮ ਵਲੋਂ ਜ਼ਿਲਾ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਦਾ ਦੌਰਾ ਕੀਤਾ ਗਿਆ ਤਾਂ ਥਾਣਾ ਸਿਟੀ ਕਪੂਰਥਲਾ, ਥਾਣਾ ਸਦਰ, ਥਾਣਾ ਕੋਤਵਾਲੀ, ਸੀ. ਆਈ. ਏ. ਸਟਾਫ, ਥਾਣਾ ਸੁਭਾਨਪੁਰ ਤੇ ਹੋਰ ਖੇਤਰਾਂ 'ਚ ਕਈ ਸਾਲਾਂ ਤੋਂ ਕੰਡਮ ਵਾਹਨ ਕਬਾੜ ਦੇ ਰੂਪ 'ਚ ਪਏ ਦੇਖੇ ਗਏ ਜੋ ਦੁਰਘਟਨਾ, ਐੱਨ. ਡੀ. ਪੀ. ਐੱਸ. ਐਕਟ, ਚੋਰੀ ਤੇ ਹੋਰ ਕੇਸਾਂ ਨਾਲ ਸਬੰਧਿਤ ਹਨ। ਕੁਝ ਥਾਣਿਆਂ 'ਚ ਪਏ ਟਰੱਕਾਂ 'ਤੇ ਕੁੱਤਿਆਂ ਸਮੇਤ ਹੋਰ ਜਾਨਵਰਾਂ ਨੇ ਆਪਣੇ ਘਰ ਬਣਾ ਰੱਖੇ ਹਨ। ਇਨ੍ਹਾਂ ਵਾਹਨਾਂ ਨੇ ਜੰਗਲ ਦਾ ਰੂਪ ਧਾਰਨ ਕਰ ਲਿਆ ਹੈ।
ਪ੍ਰਦੂਸ਼ਣ ਫੈਲਾ ਰਹੇ ਹਨ ਜੰਗ ਲੱਗੇ ਵਾਹਨ- ਕਈ ਥਾਣਿਆਂ 'ਚ ਪਏ ਵਾਹਨਾਂ 'ਚ ਮੀਂਹ ਦੇ ਦਿਨਾਂ 'ਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਪੂਰੇ ਖੇਤਰ 'ਚ ਮੱਛਰ ਤੇ ਗੰਦਗੀ ਦੀ ਭਰਮਾਰ ਹੋ ਜਾਂਦੀ ਹੈ। ਪੂਰਾ ਵਾਤਾਵਰਣ ਬਦਬੂਨੁਮਾ ਹੋ ਜਾਂਦਾ ਹੈ। ਵੱਡੇ ਅਧਿਕਾਰੀ ਤਾਂ ਦਫਤਰ ਦੇ ਬਾਹਰ ਲੱਗੀ ਗੱਡੀ 'ਚ ਬੈਠ ਕੇ ਚਲੇ ਜਾਂਦੇ ਹਨ। ਉਨ੍ਹਾਂ ਨੂੰ ਇਨ੍ਹਾਂ ਨਜ਼ਾਰਿਆਂ ਸਬੰਧੀ ਪਤਾ ਹੀ ਨਹੀਂ ਲੱਗਦਾ, ਇਸ ਨੂੰ ਤਾਂ ਉਥੇ ਰਹਿਣ ਵਾਲੇ ਛੋਟੇ ਕਰਮਚਾਰੀ ਤੇ ਥਾਣਿਆਂ 'ਚ ਆਉਣ ਵਾਲੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੁਮਾਰ ਕੀਮਤੀ ਜ਼ਮੀਨ 'ਤੇ ਇਨ੍ਹਾਂ ਕੰਡਮ ਵਾਹਨਾਂ ਨੇ ਆਪਣਾ ਕਬਜ਼ਾ ਕਰ ਰੱਖਿਆ ਹੈ। ਜੇਕਰ ਇਹ ਵਾਹਨ ਹਟ ਜਾਣ ਤਾਂ ਇਥੇ ਹੋਣ ਵਾਲੀ ਗੰਦਗੀ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਖੇਤਰ ਦੀ ਸੂਰਤ ਚਮਕ ਜਾਵੇਗੀ। ਜੇਕਰ ਵਾਹਨਾਂ ਦੀ ਸਮਾਂ ਰਹਿੰਦੇ ਨਿਲਾਮੀ ਕੀਤੀ ਜਾਵੇ ਤਾਂ ਖਜ਼ਾਨੇ 'ਚ ਭਾਰੀ ਰਾਸ਼ੀ ਜਮ੍ਹਾ ਹੋ ਸਕਦੀ ਹੈ।
ਕਿੱਥੇ ਗਏ ਵਾਹਨਾਂ ਦੇ ਟਾਇਰ ਤੇ ਸ਼ੀਸ਼ੇ- 'ਜਗ ਬਾਣੀ' ਦੀ ਟੀਮ ਨੂੰ ਕੁਝ ਲੋਕਾਂ ਨੇ ਦੱਸਿਆ ਕਿ ਜਦੋਂ ਕਿਸੇ ਵਾਹਨ ਨੂੰ ਲਿਆਇਆ ਜਾਂਦਾ ਹੈ ਤਾਂ ਉਸਦੇ ਟਾਇਰ ਠੀਕ ਹੁੰਦੇ ਹਨ ਪਰ ਸਮਾਂ ਬੀਤਦਿਆਂ ਹੀ ਜ਼ਿਆਦਾਤਰ ਵਾਹਨਾਂ ਤੋਂ ਵਧੀਆ ਕਿਸਮ ਦੇ ਟਾਇਰ ਤੇ ਹੋਰ ਸਾਮਾਨ ਗਾਇਬ ਹੋ ਜਾਂਦਾ ਹੈ। ਜੇਕਰ ਅਜਿਹੇ 'ਚ ਇਹ ਵਾਹਨ ਪੁਲਸ ਕਬਜ਼ੇ 'ਚ ਹਨ ਤਾਂ ਆਖਿਰ ਉਨ੍ਹਾਂ ਦਾ ਸਾਮਾਨ ਕਿਸ ਤਰ੍ਹਾਂ ਗਾਇਬ ਹੋ ਰਿਹਾ ਹੈ। ਪੁਲਸ ਇਸਦੇ ਲਈ ਕੀ ਕਾਰਵਾਈ ਕਰਦੀ ਹੈ? 


Related News