11 ਨਿਹੰਗ ਸਿੰਘਾਂ ਅਤੇ 3 ਅਣਪਛਾਤੇ ਵਿਅਕਤੀਆਂ ''ਤੇ ਪਰਚਾ

10/17/2017 3:34:30 AM

ਸੰਗਰੂਰ, (ਵਿਵੇਕ ਸਿੰਧਵਾਨੀ, ਗੋਇਲ)- ਪੰਚਾਇਤੀ ਜ਼ਮੀਨ ਦੇ ਵਿਵਾਦ 'ਚ ਥਾਣਾ ਚੀਮਾ ਦੇ ਪਿੰਡ ਸ਼ਾਹਪੁਰ ਕਲਾਂ 'ਚ ਨਿਹੰਗ ਸਿੰਘਾਂ ਅਤੇ ਦਲਿਤਾਂ ਵਿਚ ਹੋਈ ਲੜਾਈ ਦੇ ਮਾਮਲੇ 'ਚ ਪੁਲਸ ਨੇ 11 ਨਿਹੰਗ ਸਿੰਘਾਂ ਅਤੇ ਦੋ-ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਚੀਮਾ ਦੇ ਐੱਸ.ਐੱਚ.ਓ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਜੁਗਰਾਜ ਸਿੰਘ ਪੁੱਤਰ ਤੇਜਾ ਸਿੰਘ ਸਾਬਕਾ ਪੰਚ ਵਾਸੀ ਸ਼ਾਹਪੁਰਾ ਕਲਾਂ ਨੇ ਬਿਆਨ ਦਰਜ ਕਰਵਾਏ ਕਿ ਪਿੰਡ ਸ਼ਾਹਪੁਰ ਕਲਾਂ 'ਚ ਕਰੀਬ 37 ਕਨਾਲ ਜ਼ਮੀਨ ਹੈ, ਜਿਸ ਵਿਚ ਕੁਝ ਭਾਗ 'ਤੇ ਨਿਹੰਗ ਸਿੰਘਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ। ਡੇਢ ਸਾਲ ਪਹਿਲਾਂ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ 'ਤੇ ਇਸ ਜ਼ਮੀਨ 'ਚੋਂ ਸਵਾ ਏਕੜ ਦਾ ਕਬਜ਼ਾ ਪੰਚਾਇਤ ਨੂੰ ਦੇ ਦਿੱਤਾ ਗਿਆ ਅਤੇ ਬਾਕੀ ਜ਼ਮੀਨ ਨਿਹੰਗ ਸਿੰਘਾਂ ਦੇ ਗੁਰਦੁਆਰੇ ਲਈ ਛੱਡ ਦਿੱਤੀ ਗਈ। ਪੰਚਾਇਤ ਨੇ ਇਹ ਜ਼ਮੀਨ ਗੁਰਮੇਲ ਸਿੰਘ ਵਾਸੀ ਸ਼ਾਹਪੁਰ ਕਲਾਂ ਨੂੰ ਠੇਕੇ 'ਤੇ ਦਿੱਤੀ ਸੀ ਅਤੇ ਇਸ ਜ਼ਮੀਨ ਨੂੰ ਵਾਹ ਕੇ ਨਿਹੰਗ ਸਿੰਘਾਂ ਨੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਜ਼ਮੀਨ 'ਤੇ ਦਲਿਤਾਂ ਨੂੰ ਦੋ-ਦੋ ਵਿਸਵੇ ਪਲਾਟ ਕੱਟਣ ਦਾ ਫੈਸਲਾ ਹੋਇਆ ਸੀ, ਜਿਸ ਸਬੰਧੀ ਕਾਰਵਾਈ ਚੱਲ ਰਹੀ ਸੀ ਅਤੇ ਪੇਸ਼ੀ 17 ਅਕਤੂਬਰ ਦੀ ਤੈਅ ਹੋਈ ਸੀ। 
ਸਵੇਰੇ 9.30 ਵਜੇ ਦੇ ਕਰੀਬ ਉਹ ਅਤੇ ਉਸਦੇ ਪਿਤਾ ਤੇਜਾ ਸਿੰਘ ਸਾਬਕਾ ਪੰਚ ਅਤੇ ਕੁਝ ਹੋਰ ਵਿਅਕਤੀ ਪਲਾਟਾਂ ਲਈ ਜ਼ਮੀਨ ਦੇਖਣ ਗਏ ਸਨ। ਅੱਗੋਂ ਸ਼ਮਸ਼ੇਰ ਸਿੰਘ ਨਿਹੰਗ ਅਤੇ ਉਸਦੇ ਸਾਥੀਆਂ ਨੇ ਬਰਛੇ, ਸੋਟੀਆਂ ਅਤੇ ਤਲਵਾਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੇ ਪਿਤਾ ਤੇਜਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 10-11 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਜੁਗਰਾਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸ਼ਮਸ਼ੇਰ ਸਿੰਘ ਨਿਹੰਗ ਪੁੱਤਰ ਬਲਵੀਰ ਸਿੰਘ, ਮੱਘਰ ਸਿੰਘ ਵਾਸੀ ਸ਼ਾਹਪੁਰ ਕਲਾਂ, ਸ਼ਿੰਗਾਰਾ ਸਿੰਘ ਪੁੱਤਰ ਸਾਧੂ ਸਿੰਘ, ਲਵਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਾਂਝਲਾ, ਰਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਾਗਰਾ, ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਘੁੰਮੜ ਸਿੰਘ ਵਾਸੀ ਉਗਰਾਹਾਂ, ਨਛੱਤਰ ਸਿੰਘ ਪੁੱਤਰ ਛੋਟਾ ਸਿੰਘ, ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸ਼ਾਹਪੁਰ ਕਲਾਂ, ਜਰਨੈਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸ਼ਾਹਪੁਰ ਕਲਾਂ, ਪਾਲ ਸਿੰਘ ਵਾਸੀ ਸ਼ਾਹਪੁਰ ਕਲਾਂ ਅਤੇ ਦੋ ਤਿੰਨ ਹੋਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News