ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ‘ਖ਼ਾਲਸਾ ’ਵਰਸਿਟੀ’ ਨੂੰ ਬੰਦ ਕਰਨ ਸੰਬੰਧੀ ਫੈਸਲੇ ਨੂੰ ਦੱਸਿਆ ਗਲਤ

Thursday, April 20, 2017 10:08 AM
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ‘ਖ਼ਾਲਸਾ ’ਵਰਸਿਟੀ’ ਨੂੰ ਬੰਦ ਕਰਨ ਸੰਬੰਧੀ ਫੈਸਲੇ ਨੂੰ ਦੱਸਿਆ ਗਲਤ

ਅੰਮਿ੍ਰਤਸਰ, (ਬਿਊਰੋ) - ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਨਵ-ਸਥਾਪਿਤ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬੰਦ ਕਰਨ ਸੰਬੰਧੀ ਲਏ ਗਏ ਫੈਸਲੇ ਨੂੰ ਅਤਿ-ਮੰਦਭਾਗਾ ਕਰਾਰ ਦਿੰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ’ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਸੰਬੰਧੀ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਜਲਦ ਹੀ ‘ਯੂਨੀਵਰਸਿਟੀ’ ਨੂੰ ਬਚਾਉਣ ਲਈ ਠੋਸ ਫੈਸਲੇ ਲਏ ਜਾਣਗੇ। ਉਨ੍ਹਾਂ ਨੇ ਇਸ ਨੂੰ ਇਕਤਰਫ਼ਾ, ਰਾਜਨੀਤੀ ਤੋਂ ਪ੍ਰੇਰਿਤ ਅਤੇ ਸਿਆਸੀ ਬਦਲਾਖੋਰੀ ਵਾਲਾ ਫੈਸਲਾ ਦੱਸਿਆ। ਸ. ਮਜੀਠੀਆ ਨੇ ਕਿਹਾ ਕਿ ਅਗਸਤ-2016 ’ਚ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਨਿਯਮਾਂ ਮੁਤਾਬਕ ‘ਖ਼ਾਲਸਾ ਯੂਨੀਵਰਸਿਟੀ’ ਨੂੰ ਬਣਾਉਣ ਦੀ ਪ੍ਰਵਾਨਗੀ ਉਪਰੰਤ ਦਾਖਲੇ ਸ਼ੁਰੂ ਕੀਤੇ ਗਏ ਅਤੇ ਇਸ ਵਕਤ 300 ਤੋਂ ਵੱਧ ਵਿਦਿਆਰਥੀ ਵੱਖ-ਵੱਖ ਕਲਾਸਾਂ ’ਚ ਪੜ੍ਹਾਈ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਨੇ ਖ਼ਾਲਸਾ ਕਾਲਜ ਦੇ ਰਚਣਹਾਰਿਆਂ ਦੇ ਸੁਪਨੇ ਕਿ ਉਨ੍ਹਾਂ ਦੀ ਆਪਣੀ ਯੂਨੀਵਰਸਿਟੀ ਹੋਵੇ, ਨੂੰ ਪੂਰਾ ਕਰਨ ਲਈ ਵਿਸ਼ੇਸ਼ ਕਦਮ ਉਠਾਏ ਸਨ, ਜਿਸ ਸਦਕਾ ‘ਖ਼ਾਲਸਾ ਯੂਨੀਵਰਸਿਟੀ’ ਹੋਂਦ ’ਚ ਆਈ ਪਰ ਮੌਜੂਦਾ ਸਰਕਾਰ ਇਸ ਵਿੱਦਿਅਕ ਪ੍ਰਾਜੈਕਟ ਨੂੰ ਖ਼ਤਮ ਕਰਨ ਦੀ ਕਗਾਰ ’ਤੇ ਹੈ।

ਸ. ਮਜੀਠੀਆ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਜੋ ਕਿ ਸਰਹੱਦੀ ਖੇਤਰ ਅਤੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਵਿੱਦਿਅਕ ਪੱਖੋਂ ਇਕ ਉਮੀਦ ਦੀ ਕਿਰਨ ਹੈ, ਨੂੰ ਕੋਝੀ ਸਿਆਸਤ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਖ਼ਾਲਸਾ ਯੂਨੀਵਰਸਿਟੀ’ ’ਚ ਪਹਿਲੇ ਸਾਲ ਦੀ ਪੜ੍ਹਾਈ ਕਰ ਚੁੱਕੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਦਰਕਿਨਾਰ ਕਰਨ ਦਾ ਫੈਸਲਾ ਲਿਆ ਹੈ। ਸ. ਮਜੀਠੀਆ ਨੇ ਯਾਦ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਮਜੀਠੀਆ ਨੇ ਕੈਪਟਨ ਸਿੰਘ ਨੂੰ ਕੌਂਸਲ ਦਾ ਚਾਂਸਲਰ ਬਣਾਇਆ ਸੀ, ਇਸ ਲਈ ਉਨ੍ਹਾਂ ਨੂੰ ਕਾਲਜ ਦੇ ਗੌਰਵਮਈ ਇਤਿਹਾਸ ਨੂੰ ਅਗਾਂਹ ਤੋਰਦਿਆਂ ਪ੍ਰਵਾਨਿਤ ਯੂਨੀਵਰਸਿਟੀ ਦੀ ਤਰੱਕੀ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ, ਨਾ ਕਿ ਇਸ ਨੂੰ ਬੰਦ ਕਰਨਾ। ਕੌਂਸਲ ਦੇ ਆਨਰੇਰੀ ਸਕੱਤਰ ਤੇ ’ਵਰਸਿਟੀ ਦੇ ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਸਰਕਾਰ ਦੇ ਫੈਸਲੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕੈਪਟਨ ਸਿੰਘ ਨੂੰ ਸਵਾਰਥੀ ਹੱਥਾਂ ਦੀ ਲਾਬੀ ਤੋਂ ਪ੍ਰੇਰਿਤ ਹੋ ਕੇ ਇਤਿਹਾਸਕ ਖ਼ਾਲਸਾ ਕਾਲਜ ਦੀ ਗੌਰਵਮਈ ਵਿਰਾਸਤੀ ਇਮਾਰਤ ਨਾਲ ਛੇੜਛਾੜ ਕਰਨ ਦੇ ਦੋਸ਼ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਦਿੱਖ ਅਤੇ ਖੁਦਮੁਖਤਿਆਰ ਹੋਂਦ ਨੂੰ ਬਰਕਰਾਰ ਰੱਖੇਗਾ ਅਤੇ ਯੂਨੀਵਰਸਿਟੀ ਅਲੱਗ ਤੌਰ ’ਤੇ ਵਿਸ਼ੇਸ਼ ਸਥਾਨ ’ਤੇ ਉਸਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਖੋਜ ਭਰਪੂਰ ਵਿੱਦਿਆ ਜਿਸ ’ਚ ਐੱਮ. ਫਿਲ, ਪੀ. ਐੱਚ. ਡੀ., ਪ੍ਰੋਫੈਸ਼ਨਲ ਕੋਰਸ ਚਲਾਉਣ ਦਾ ਨੌਜਵਾਨਾਂ ਨੂੰ ਉੱਚ ਵਿੱਦਿਆ ਅਤੇ ਰੁਜ਼ਗਾਰ ਦੇ ਸਾਧਨ ਮੁਹੱਈਆ ਹੋਣੇ ਹਨ, ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ। ਵੱਖ-ਵੱਖ ਇਸ ਸਮੇਂ ’ਚ ਐਗਰੀਕਲਚਰ, ਇੰਜੀਨੀਅਰਿੰਗ, ਸਾਇੰਸ, ਐਜੂਕੇਸ਼ਨ, ਫਿਜ਼ੀਕਲ ਐਜੂਕੇਸ਼ਨ, ਪੰਜਾਬੀ, ਹਿੰਦੀ, ਇੰਗਲਿਸ਼, ਜਰਨਲਿਜ਼ਮ ਐਂਡ ਮਾਸ ਕਮਿੳੂਨੀਕੇਸ਼ਨ, ਲਾਅ, ਲਾਇਬ੍ਰੇਰੀ ਸਾਇੰਸ, ਮੈਡੀਕਲ ਲੈਬ, ਟੈਕਨਾਲੋਜੀ, ਫਾਰਮੇਸੀ ਐਂਡ ਨਰਸਿੰਗ, ਫੈਕਲਟੀ ਦੇ ਕੋਰਸਾਂ ਦਾ ਆਗਾਜ਼ ਹੋ ਚੁੱਕਾ ਹੈ। ਸ. ਮਜੀਠੀਆ ਅਤੇ ਸ. ਛੀਨਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਖ਼ਾਲਸਾ ਕਾਲਜ ਦੇ ਰਚਣਹਾਰਿਆਂ ਦਾ ਸੁਪਨਾ ਸੀ ਕਿ ਸੁਸਾਇਟੀ ਦੀ ਆਪਣੀ ਯੂਨੀਵਰਸਿਟੀ ਹੋਵੇਗੀ, ਜਿਸ ਮੁਤਾਬਕ ਸਭ ਤੋਂ ਪਹਿਲਾਂ ਪ੍ਰਸਤਾਵ ਸੰਨ 1919 ’ਚ ਉਸ ਵੇਲੇ ਦੀ ਬਿ੍ਰਟਿਸ਼ ਸਰਕਾਰ ਕੋਲ ਪੇਸ਼ ਕੀਤਾ ਗਿਆ ਪਰ ਸੁਤੰਤਰਤਾ ਸੰਗਰਾਮ ’ਚ ਹਿੱਸਾ ਲੈਣ ਹਿੱਤ ‘ਯੂਨੀਵਰਸਿਟੀ’ ਦਾ ਮਤਾ ਉਸ ਸਮੇਂ ਦੀ ਸਰਕਾਰ ਨੇ ਨਹੀਂ ਪ੍ਰਵਾਨ ਕੀਤਾ ਸੀ ਅਤੇ ਹੁਣ ਦੁਬਾਰਾ ਮੌਜੂਦਾ ਸਰਕਾਰ ਇਤਿਹਾਸ ਨੂੰ ਦੁਹਰਾ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!