ਕਿਸਾਨਾਂ ਨੂੰ ਸਮੇਂ ਸਿਰ ਚੈੱਕ ਬੁੱਕਾਂ ਨਾ ਦੇਣ ਦਾ ਮਾਮਲਾ ਭਖਿਆ

06/26/2017 12:10:18 AM

ਸ਼ਹਿਣਾ/ਭਦੌੜ,  (ਸਿੰਗਲਾ)-  ਕੋਆਪ੍ਰੇਟਿਵ ਬੈਂਕ ਦੇ ਉੱਚ ਅਧਿਕਾਰੀਆਂ ਵੱਲੋਂ ਸਮੇਂ ਸਿਰ ਕਿਸਾਨਾਂ ਨੂੰ ਚੈੱਕ ਬੁੱਕਾਂ ਕਥਿਤ ਤੌਰ 'ਤੇ ਨਾ ਦੇਣ ਦਾ ਮਾਮਲਾ ਭਖ ਗਿਆ ਹੈ। ਹੱਦ ਕਰਜ਼ਾ ਪਾਸ ਹੋਣ ਦੇ ਬਾਵਜੂਦ ਚੈੱਕ ਬੁੱਕਾਂ ਨਹੀਂ ਮਿਲੀਆਂ ਅਤੇ ਕਿਸਾਨ ਕਰਜ਼ਾ ਲੈਣ ਤੋਂ ਵਾਂਝੇ ਰਹਿ ਗਏ। ਜ਼ਿਲੇ ਭਰ 'ਚ ਇਕ ਹਜ਼ਾਰ ਤੋਂ ਜ਼ਿਆਦਾ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਸਹਿਕਾਰੀ ਕਰਜ਼ਾ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਨਹੀਂ ਲਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਕਾਰੀ ਕਰਜ਼ਾ 2 ਲੱਖ ਰੁਪਏ ਤੱਕ ਮੁਆਫ ਸਕੀਮ ਤੋਂ ਵਾਂਝੇ ਰਹਿ ਗਏ।  
ਇਸ ਮਸਲੇ ਨੂੰ ਲੈ ਕੇ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਕੋਆਪ੍ਰੇਟਿਵ ਸੁਸਾਇਟੀ ਸ਼ਹਿਣਾ ਵਿਖੇ ਜ਼ਿਲਾ ਪ੍ਰਧਾਨ ਬੂਟਾ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਉਪਰੰਤ ਉਨ੍ਹਾਂ ਦੱਸਿਆ ਕਿ 1 ਸਾਲ ਤੋਂ ਹੱਦ ਕਰਜ਼ੇ ਸੀ. ਸੀ. ਬੀ. ਸੰਗਰੂਰ ਹੈੱਡ ਆਫਿਸ ਤੋਂ ਪਾਸ ਹੋਏ ਹਨ ਪਰ ਉੱਚ ਅਧਿਕਾਰੀਆਂ ਵੱਲੋਂ ਮੈਂਬਰਾਂ ਨੂੰ ਚੈੱਕ ਬੁੱਕਾਂ ਕਥਿਤ ਤੌਰ 'ਤੇ ਨਹੀਂ ਦਿੱਤੀਆਂ ਜਾ ਰਹੀਆਂ। 
ਹੈੱਡ ਆਫਿਸ ਸੰਗਰੂਰ ਦਾ ਘਿਰਾਓ ਕਰਨ ਦੀ ਚਿਤਾਵਨੀ : ਸਰਕਾਰੀ ਅਣਗਹਿਲੀ ਕਾਰਨ ਸੈਂਕੜੇ ਕਿਸਾਨ ਕਰਜ਼ਾ ਮੁਆਫੀ ਸਕੀਮ ਤੋਂ ਵਾਂਝੇ ਰਹਿ ਗਏ। ਇਸ ਗੰਭੀਰ ਮਸਲੇ ਨੂੰ ਲੈ ਕੇ ਜ਼ਿਲਾ ਜਥੇਬੰਦੀ ਵਾਰ-ਵਾਰ ਉੱਚ ਅਧਿਕਾਰੀ (ਸੀ. ਸੀ. ਬੀ.) ਨੂੰ ਮਿਲਦੀ ਰਹੀ ਪਰ ਚੈੱਕ ਬੁੱਕਾਂ ਨਹੀਂ ਦੇਣ ਦਿੱਤੀਆਂ ਗਈਆਂ। ਕਿਸਾਨਾਂ ਦੀ ਲੰਬੇ ਸਮੇਂ ਤੋਂ ਕਰਜ਼ਾ ਮੁਕਤੀ ਮੁਹਿੰਮ ਨੂੰ ਅਧਿਕਾਰੀਆਂ ਕਾਰਨ ਹੀ ਖੋਰਾ ਲੱਗ ਗਿਆ।  ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਹੈੱਡ ਆਫਿਸ ਸੰਗਰੂਰ ਦਾ ਘਿਰਾਓ ਕੀਤਾ ਜਾਵੇਗਾ।
ਕੌਣ-ਕੌਣ ਸਨ ਸ਼ਾਮਲ :  ਮੀਟਿੰਗ 'ਚ ਜ਼ਿਲਾ ਪ੍ਰਧਾਨ ਤੋਂ ਇਲਾਵਾ ਹਰਜਸ ਸਿੰਘ ਮੀਤ ਪ੍ਰਧਾਨ, ਗੁਰਚੇਤ ਸਿੰਘ ਉਪਲੀ ਸਾਬਕਾ ਜ਼ਿਲਾ ਪ੍ਰਧਾਨ, ਗੁਰਮੇਲ ਸਿੰਘ ਠੀਕਰੀਵਾਲਾ ਸੂਬਾ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਦਰਬਾਰਾ ਸਿੰਘ, ਬਲਦੇਵ ਸਿੰਘ, ਪ੍ਰਸ਼ੋਤਮ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ ਬਲਾਕ ਪ੍ਰਧਾਨ ਸ਼ਹਿਣਾ, ਗੁਰਤੇਜ ਸਿੰਘ ਬਲਾਕ ਪ੍ਰਧਾਨ ਬਰਨਾਲਾ। 
ਇਸ ਸਬੰਧੀ ਪੱਖ ਜਾਣਨ ਲਈ ਐੈੱਮ. ਡੀ. ਕੋਆਪ੍ਰੇਟਿਵ ਬੈਂਕ ਸੰਗਰੂਰ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।


Related News