ਅੰਤਰਰਾਜੀ ਚੋਰ ਗਿਰੋਹ ਦਾ ਸਰਗਣਾ ਕਾਬੂ

10/18/2017 9:53:46 PM

ਮੁਕੇਰੀਆਂ (ਨਾਗਲਾ)-ਮੁਕੇਰੀਆਂ ਪੁਲਸ ਨੇ ਵਾਹਨ ਚੋਰੀ ਕਰ ਕੇ ਉਨ੍ਹਾਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਵੇਚਣ ਵਾਲੇ ਅੰਤਰਰਾਜੀ ਚੋਰ ਗਿਰੋਹ ਦੇ ਸਰਗਣੇ ਨੂੰ ਕਾਬੂ ਕਰ ਕੇ 3 ਹੋਰ ਮੋਟਰਸਾਈਕਲ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਕੇ ਵੱਖ-ਵੱਖ ਜ਼ਿਲਿਆਂ 'ਚੋਂ ਚੋਰੀ ਕੀਤੇ 20 ਵਾਹਨ ਪਹਿਲਾਂ ਬਰਾਮਦ ਕਰ ਲਏ ਸਨ। 
ਥਾਣਾ ਮੁਖੀ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗਿਰੋਹ ਵੱਲੋਂ ਚੋਰੀ ਕੀਤੇ ਗਏ 3 ਮੋਟਰਸਾਈਕਲ 11 ਫੇਜ਼ ਮੋਹਾਲੀ ਤੇ ਸਦਰ ਥਾਣਾ ਗੁਰਦਾਸਪੁਰ ਪੁਲਸ ਨੇ ਕਾਗਜ਼ਾਤ ਨਾ ਹੋਣ ਕਾਰਨ ਥੋੜ੍ਹੀ ਦੇਰ ਪਹਿਲਾਂ ਹੀ ਬਾਊਂਡ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਕੋਲੋਂ ਹੁਣ ਤੱਕ ਕੁਲ 26 ਮੋਟਰਸਾਈਕਲ ਬਰਾਮਦ ਕਰ ਲਏ ਹਨ। ਮੁਕੇਰੀਆਂ ਪੁਲਸ ਨੇ ਜਾਅਲੀ ਦਸਤਾਵੇਜ਼ ਬਣਾਉਣ ਲਈ ਵਰਤਿਆ ਜਾਂਦਾ ਮੋਬਾਇਲ ਫੋਨ, ਜਿਸ 'ਚ ਸਾਫਟਵੇਅਰ ਡਾਊਨਲੋਡ ਹੈ ਤੇ ਇਕ ਪ੍ਰਿੰਟਰ ਵੀ ਬਰਾਮਦ ਕਰ ਲਿਆ ਹੈ। 
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਸਰਗਣੇ ਦੀ ਪਛਾਣ ਸ਼ਿਵਕਰਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਜਗਦੇਵ ਕਲਾਂ ਥਾਣਾ ਰਾਜਾਸਾਂਸੀ ਅੰਮ੍ਰਿਤਸਰ ਦੇ ਰੂਪ 'ਚ ਹੋਈ ਹੈ, ਜਿਸ ਕੋਲੋਂ 2 ਬੁਲੇਟ ਤੇ 1 ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਗਏ। ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।


Related News