ਡਰਾਈਵਰ ਦੀ ਲਾਪ੍ਰਵਾਹੀ ਕਾਰਨ 15 ਮਿੰਟ ਤੱਕ ਮਾਸੂਮ ਸਕੂਲੀ ਵਾਹਨ ''ਚ ਫਸੀ ਰਹੀ

Friday, April 21, 2017 9:39 AM
ਡਰਾਈਵਰ ਦੀ ਲਾਪ੍ਰਵਾਹੀ ਕਾਰਨ 15 ਮਿੰਟ ਤੱਕ ਮਾਸੂਮ ਸਕੂਲੀ ਵਾਹਨ ''ਚ ਫਸੀ ਰਹੀ

ਪਠਾਨਕੋਟ, (ਸ਼ਾਰਦਾ/ਮਨਿੰਦਰ) - ਆਏ ਦਿਨ ਸਕੂਲੀ ਵਾਹਨ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ, ਉਥੇ ਹੀ ਇਸ ''ਚ ਸਵਾਰ ਨੌਨਿਹਾਲ ਗੰਭੀਰ ਜ਼ਖਮੀ ਹੋਏ ਹਨ। ਅਜਿਹੀ ਹੀ ਇਕ ਹੋਰ ਦੁਰਘਟਨਾ ''ਚ 4 ਸਾਲਾ ਛੋਟੀ ਬੱਚੀ ਜ਼ਖਮੀ ਹੋ ਗਈ। ਜ਼ਖਮੀ ਬੱਚੀ ਗੁੰਜਨ ਠਾਕੁਰ ਦੇ ਪਿਤਾ ਸੁਖਦੇਵ ਸਿੰਘ ਸੀ. ਆਰ. ਪੀ. ਐੱਫ. ''ਚ ਤਾਇਨਾਤ ਹਨ, ਨੇ ਦੱਸਿਆ ਕਿ ਉਸ ਦੀ ਬੇਟੀ ਨਿੱਜੀ ਸਕੂਲ ''ਚ ਐੱਲ. ਕੇ. ਜੀ. ਦੀ ਵਿਦਿਆਰਥਣ ਹੈ, ਜਿਸ ਲਈ ਸਕੂਲ ਦੀ ਗੱਡੀ ਲਾਈ ਹੋਈ ਹੈ। ਗੁੰਜਨ ਦੀ ਦਾਦੀ ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਦੁਪਹਿਰ ਸਮੇਂ ਜਦੋਂ ਉਨ੍ਹਾਂ ਦੀ ਲਾਡਲੀ ਨੂੰ ਸਕੂਲੀ ਵਾਹਨ ਘਰ ਛੱਡਣ ਆਇਆ ਤਾਂ ਕੰਡਕਟਰ ਨਾ ਹੋਣ ਕਾਰਨ ਗੁੰਜਨ ਨੂੰ ਕਿਸੇ ਹੋਰ ਬੱਚੇ ਨੇ ਵਾਹਨ ''ਚੋਂ ਉਤਾਰਿਆ ਅਤੇ ਚਾਲਕ ਆਪਣੀ ਸੀਟ ''ਤੇ ਹੀ ਬੈਠਾ ਰਿਹਾ।
ਇਸ ਤੋਂ ਪਹਿਲਾਂ ਕਿ ਗੁੰਜਨ ਵਾਹਨ ਤੋਂ ਦੂਰ ਹੋ ਪਾਉਂਦੀ, ਚਾਲਕ ਨੇ ਗੱਡੀ ਚਲਾ ਦਿੱਤੀ, ਜਿਸ ਨਾਲ ਗੁੰਜਨ ਸਕੂਲੀ ਵਾਹਨ ਦੀ ਲਪੇਟ ''ਚ ਆ ਗਈ ਅਤੇ ਉਸ ਦੇ ਵਾਲ ਵੀ ਫਸ ਗਏ। ਗੁੰਜਨ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਰੌਲਾ ਪਾ ਕੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਗੁੰਜਨ ਦੀ ਦਾਦੀ ਤਾਂ ਉਕਤ ਘਟਨਾ ਨੂੰ ਦੇਖ ਕੇ ਬੇਸੁੱਧ ਹੋ ਗਈ। ਪਰਿਵਾਰ ਅਨੁਸਾਰ ਗੁੰਜਨ 15 ਮਿੰਟ ਤੱਕ ਸਕੂਲੀ ਵਾਹਨ ''ਚ ਫਸੀ ਰਹੀ। ਵਾਹਨ ਦੇ ਪੁਰਜ਼ਿਆਂ ''ਚ ਵਾਲ ਫਸਣ ਕਾਰਨ ਉਸ ਦੇ ਕੁਝ ਵਾਲ ਸਿਰ ਤੋਂ ਉੱਖੜ ਗਏ ਅਤੇ ਬੁੱਲ੍ਹ ਬੁਰੀ ਤਰ੍ਹਾਂ ਫਟ ਗਏ। ਉਥੇ ਹੀ ਦੰਦ ਵੀ ਟੁੱਟ ਗਏ। ਗੁੰਜਨ ਨੂੰ ਇਲਾਜ ਲਈ ਨਿੱਜੀ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਗੁੰਜਨ ਦੇ ਪਿਤਾ ਸੁਖਦੇਵ ਨੇ ਕਿਹਾ ਕਿ ਸਕੂਲ ਪ੍ਰਬੰਧਨ ਖਿਲਾਫ਼ ਪੁਲਸ ਅਤੇ ਸਬੰਧਿਤ ਵਿਭਾਗ ਨੂੰ ਸ਼ਿਕਾਇਤ ਕਰਨਗੇ। ਉਥੇ ਹੀ ਇਸ ਸੰਬੰਧ ''ਚ ਜਦੋਂ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਾ ਦਿੰਦੇ ਹੋਏ ਫੋਨ ਕੱਟ ਦਿੱਤਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!