ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕੱਢਿਆ ਰੋਸ ਮਾਰਚ

06/24/2017 2:45:30 AM

ਸੁਲਤਾਨਪੁਰ ਲੋਧੀ, (ਸੋਢੀ, ਧੀਰ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੱਦੇ 'ਤੇ ਅੱਜ ਤਹਿਸੀਲ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਤੋਂ ਆਏ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਬਿਲਡਿੰਗ ਮਿਸਤਰੀਆਂ, ਨੌਜਵਾਨਾਂ ਤੇ ਔਰਤਾਂ ਨੇ ਸੁਲਤਾਨਪੁਰ ਲੋਧੀ ਦੇ ਪਸ਼ੂ ਹਸਪਤਾਲ ਕੋਲ ਇਕੱਠੇ ਹੋ ਕੇ ਬਾਜ਼ਾਰਾਂ 'ਚ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਤੇ ਐੱਸ. ਡੀ. ਐੱਮ. ਦਫ਼ਤਰ ਪੁੱਜ ਕੇ ਰੋਸ ਧਰਨਾ ਲਾਇਆ।
ਧਰਨੇ ਨੂੰ ਕਾਮਰੇਡ ਜਸਵਿੰਦਰ ਸਿੰਘ ਢੇਸੀ ਸਕੱਤਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜਲੰਧਰ/ਕਪੂਰਥਲਾ, ਕਾਮਰੇਡ ਸੰਤੋਖ ਸਿੰਘ ਪ੍ਰਧਾਨ ਜਮਹੂਰੀ ਕਿਸਾਨ ਸਭਾ ਜ਼ਿਲਾ ਜਲੰਧਰ ਅਤੇ ਕਾਮਰੇਡ ਬਲਦੇਵ ਸਿੰਘ ਸੀਨੀ. ਮੀਤ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਆਦਿ ਨੇ ਸੰਬੋਧਨ ਕੀਤਾ ਤੇ ਦੋਸ਼ ਲਾਇਆ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਰੇਤ-ਬੱਜਰੀ ਦੀਆਂ ਖੱਡਾਂ ਮਜੀਠੀਆ ਦੇ ਕਬਜ਼ੇ ਹੇਠ ਸਨ ਤੇ ਜਨਤਾ ਦੀ ਭਾਰੀ ਲੁੱਟ ਹੋਈ ਸੀ ਤੇ ਹੁਣ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਤਾਂ ਰੇਤਾ ਦੀਆਂ ਖੱਡਾਂ ਰਾਣਾ ਦੇ ਕਬਜ਼ੇ ਹੇਠ ਹਨ। 
ਉਨ੍ਹਾਂ ਦੋਸ਼ ਲਾਇਆ ਕਿ ਜਿਵੇਂ ਪਿਛਲੀ ਸਰਕਾਰ ਸਮੇਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ਤਿਵੇਂ ਹੀ ਹੁਣ ਕੈਪਟਨ ਸਰਕਾਰ ਸਮੇਂ ਵੀ ਉਹੀ ਕੁਝ ਚੱਲ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਹੀ ਬਦਲੇ ਹਨ ਪ੍ਰੰਤੂ ਲੁੱਟ ਉਸੇ ਤਰ੍ਹਾਂ ਜਾਰੀ ਹੈ। ਇਸ ਸਮੇਂ ਪਾਰਟੀ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ। 
ਕੀ ਹਨ ਮੁੱਖ ਮੰਗਾਂ
ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ, ਪੰਜਾਬ ਦੇ ਹਰੇਕ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਸਮਾਜਿਕ ਸੁਰੱਖਿਆ ਅਧੀਨ ਬੁਢਾਪਾ, ਵਿਧਵਾ ਤੇ ਅੰਗਹੀਣਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤੇ ਭਾਅ 'ਤੇ ਆਟਾ, ਖੰਡ, ਦਾਲ, ਤੇਲ ਤੇ ਬਾਕੀ ਘਰੇਲੂ ਸਾਮਾਨ ਦਿੱਤਾ ਜਾਵੇ। ਸਾਰੇ ਮਜ਼ਦੂਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾਣ, ਨਿਰਮਾਣ ਮਜ਼ਦੂਰਾਂ ਦੇ 1996 ਦੇ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਜਿਸ ਮੁਤਾਬਕ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਮਜ਼ਦੂਰਾਂ ਨੂੰ ਦਿੱਤੀਆਂ ਜਾਣ। 
ਇਹ ਵੀ ਸਨ ਰੋਸ ਧਰਨੇ 'ਚ ਸ਼ਾਮਲ
ਇਸ ਸਮੇਂ ਕਾਮਰੇਡ ਗੁਰਮੇਜ ਸਿੰਘ, ਜਸਵਿੰਦਰ ਸਿੰਘ ਢੇਸੀ ਸਕੱਤਰ, ਸੰਤੋਖ ਸਿੰਘ ਬਿਲਗਾ, ਕਾਮਰੇਡ ਬਲਦੇਵ ਸਿੰਘ, ਕਾਮਰੇਡ ਹਰਬੰਸ ਮੱਟੂ, ਸਤਨਰਾਇਣ ਮਹਿਤਾ, ਪਾਲ ਚੰਦ, ਜੀਤ ਸਿੰਘ, ਰਾਜਮੋਹਨ, ਠੇਕੇਦਾਰ ਕੁਲਦੀਪ ਸਿੰਘ, ਮੁਖਤਾਰ ਸਿੰਘ ਮੁੱਖਾ, ਅਮਰੀਕ ਸਿੰਘ, ਅਸ਼ੋਕ ਕੁਮਾਰ, ਸੁਰਿੰਦਰ ਸਿੰਘ, ਚਰਨਜੀਤ, ਜਸਵੰਤ, ਇੰਦਰਪਾਲ ਆਦਿ ਨੇ ਸ਼ਿਰਕਤ ਕੀਤੀ।


Related News