ਡਕੈਤੀ ਦੀ ਯੋਜਨਾ ਬਣਾ ਰਿਹਾ ਗਿਰੋਹ ਕਾਬੂ

08/18/2017 1:41:08 AM

ਮੁਕੇਰੀਆਂ, (ਬਲਬੀਰ)- ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਦੇ ਦਿਸ਼ਾ -ਨਿਰਦੇਸ਼ਾਂ ਅਧੀਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਐੱਸ. ਆਈ. ਲੋਮੇਸ਼ ਸ਼ਰਮਾ ਥਾਣਾ ਮੁਖੀ ਹਾਜੀਪੁਰ ਨੇ ਦੱਸਿਆ ਕਿ ਮੁਖਬਰ ਤੋਂ ਇਤਲਾਹ ਮਿਲੀ ਕਿ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਹਰਜਿੰਦਰ ਸਿੰਘ ਪਿੰਡ ਹਿੰਮਤਪੁਰ, ਨਿਸ਼ਾਨ ਸਿੰਘ ਉਰਫ਼ ਲੱਪੀ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਔਲੀਆ, ਮੋਹਣ ਗਿੱਲ ਉਰਫ਼ ਨਿੱਕਾ ਪੁੱਤਰ ਮੁਖਤਿਆਰ ਵਾਸੀ ਔਲੀਆ, ਰਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਜਗਦੀਪ ਸਿੰਘ ਵਾਸੀ ਪਿੰਡ ਪੰਡੋਰੀ, ਗੁਰਦੀਪ ਸਿੰਘ ਉਰਫ਼ ਲੱਭੂ ਪੁੱਤਰ ਜਸਵੰਤ ਸਿੰਘ ਵਾਸੀ ਮਾਖਾ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਖੁੰਡਾ ਕੁੱਲੀਆਂ ਨੂੰ ਜਾਂਦੀ ਨਹਿਰ ਤੋਂ ਪਾਰ ਸੁੰਨਸਾਨ ਜਗ੍ਹਾ 'ਤੇ ਬੈਠ ਕੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਲੋਮੇਸ਼ ਸ਼ਰਮਾ, ਏ. ਐੱਸ. ਆਈ. ਗੁਰਦੇਵ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਰੇਡ ਕਰ ਕੇ ਲਵਪ੍ਰੀਤ ਸਿੰਘ, ਨਿਸ਼ਾਨ ਸਿੰਘ, ਮੋਹਣ ਗਿੱਲ, ਰਵਿੰਦਰ ਸਿੰਘ ਨੂੰ ਮੌਕੇ 'ਤੇ ਹਥਿਆਰਾਂ ਸਮੇਤ ਕਾਬੂ ਕਰ ਕੇ ਗ੍ਰਿਫ਼ਤਾਰ ਕਰ ਲਿਆ, ਜਦਕਿ ਇਨ੍ਹਾਂ ਦਾ ਇਕ ਸਾਥੀ ਗੁਰਦੀਪ ਸਿੰਘ ਭੱਜਣ 'ਚ ਸਫ਼ਲ ਹੋ ਗਿਆ। 
ਪੁਲਸ ਨੇ ਇਨ੍ਹਾਂ ਖਿਲਾਫ਼ ਧਾਰਾ 399, 402 ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਕੀਤੀਆਂ ਵੱਖ-ਵੱਖ ਵਾਰਦਾਤਾਂ 'ਚ ਝਪਟ ਮਾਰ ਕੇ ਖੋਹੀਆਂ 6 ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਦੋਸ਼ੀਆਂ ਪਾਸੋਂ 2 ਦਾਤਰ, 1 ਕਿਰਪਾਨ, 1 ਲੋਹੇ ਦੀ ਰਾਡ ਵੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।


Related News