ਫੋਕਲ ਪੁਆਇੰਟ ਵਿਚ ਹੀ ਹੈ ਡੇਂਗੂ ਤੇ ਮਲੇਰੀਆ ਦੀ ਫੈਕਟਰੀ

06/27/2017 7:30:57 AM

ਜਲੰਧਰ, (ਖੁਰਾਣਾ)- ਨਗਰ ਨਿਗਮ ਤੇ ਹੈਲਥ ਵਿਭਾਗ ਲੋਕਾਂ ਦੇ ਘਰਾਂ ਵਿਚ ਜਾ ਕੇ ਕੂਲਰਾਂ ਵਿਚ ਪਏ 5 ਲੀਟਰ ਪਾਣੀ ਵਿਚੋਂ ਮੱਛਰਾਂ ਦਾ ਲਾਰਵਾ ਲੱਭ ਕੇ ਧੜਾਧੜ ਚਲਾਨ ਕੱਟਣ ਵਿਚ ਲੱਗਾ ਹੋਇਆ ਹੈ ਤਾਂ ਜੋ ਬਰਸਾਤੀ ਸੀਜ਼ਨ ਵਿਚ ਡੇਂਗੂ ਤੇ ਮਲੇਰੀਆ ਜਿਹੀਆਂ ਬੀਮਾਰੀਆਂ ਨਾ ਫੈਲਣ ਪਰ ਸ਼ਾਇਦ ਇਨ੍ਹਾਂ ਸਰਕਾਰੀ ਵਿਭਾਗਾਂ ਨੂੰ ਪਤਾ ਨਹੀਂ ਹੈ ਕਿ ਡੇਂਗੂ ਤੇ ਮਲੇਰੀਆ ਦੀਆਂ ਫੈਕਟਰੀਆਂ ਵੀ ਫੋਕਲ ਪੁਆਇੰੰਟ ਵਿਚ ਹੀ ਸਥਿਤ ਹਨ।  ਇਸ ਇਲਾਕੇ ਦੀ ਸ਼ਾਇਦ ਹੀ ਕੋਈ ਗਲੀ ਜਾਂ ਸੜਕ ਅਜਿਹੀ ਹੋਵੇਗੀ ਜਿੱਥੇ ਗੰਦਾ ਪਾਣੀ ਨਾ ਖੜ੍ਹਾ ਹੋਵੇ। ਗੰਦੇ ਪਾਣੀ ਵਿਚ ਮੱਛਰਾਂ ਦਾ ਲਾਰਵਾ ਥੋਕ ਦੇ ਭਾਅ ਪੈਦਾ ਹੋ ਰਿਹਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਮਹਾਮਾਰੀ ਦਾ ਰੂਪ ਧਾਰਨ ਕਰਨ ਦੀ ਸਮਰੱੱਥਾ ਰੱਖਦਾ ਹੈ। ਜ਼ਿਕਰਯੋਗ ਹੈ ਕਿ ਫੋਕਲ ਪੁਆਇੰਟ ਵਿਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਕਈ ਸਾਲ ਪੁਰਾਣੀ ਹੈ ਪਰ ਹੁਣ ਤਾਂ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਅੱਜ ਜੇ. ਐੱਮ. ਪੀ. ਤੇ ਵਿਕਟਰ ਟੂਲਜ਼ ਦੇ ਸਾਹਮਣੇ ਸੜਕ 'ਤੇ ਝੀਲ ਜਿਹੇ ਨਜ਼ਾਰੇ ਦੇਖਣ ਨੂੰ ਮਿਲੇ। ਫਰਕ ਸਿਰਫ ਇੰਨਾ ਸੀ ਕਿ ਝੀਲ ਸਾਫ ਪਾਣੀ ਦੀ ਹੁੰਦੀ ਹੈ ਤੇ ਇਥੇ ਸੜਕ 'ਤੇ ਖੜ੍ਹਾ ਪਾਣੀ ਬਦਬੂਦਾਰ ਅਤੇ ਗੰਦਾ ਸੀ, ਜੋ ਸੀਵਰੇਜ ਦੇ ਬੈਕ ਮਾਰਨ ਕਾਰਨ ਸੜਕਾਂ 'ਤੇ ਆ ਗਿਆ ਸੀ।
ਕੀ ਅਜਿਹੀ ਹੁੰਦੀ ਹੈ ਸਮਾਰਟ ਸਿਟੀ?
ਜਲੰਧਰ ਨੂੰ ਸਮਾਰਟ ਸਿਟੀ ਦੀ ਸੂਚੀ 'ਚ ਆਏ ਕਈ ਮਹੀਨੇ ਹੋ ਚੁੱਕੇ ਹਨ ਤੇ ਨੇਤਾ ਲੋਕ ਇਸਦਾ ਜਸ਼ਨ ਵੀ ਮਨਾ ਚੁੱਕੇ ਹਨ। ਸਮਾਰਟ ਸਿਟੀ ਅਤੇ ਸਵੱਛ ਭਾਰਤ ਦੇ ਤਹਿਤ ਕਰੋੜਾਂ ਰੁਪਏ ਖਰਚ ਵੀ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਜਿਸ ਇਲਾਕੇ ਤੋਂ ਸਰਕਾਰ ਨੂੰ ਸਭ ਤੋਂ ਜ਼ਿਆਦਾ ਟੈਕਸ ਪ੍ਰਾਪਤ ਹੁੰਦਾ ਹੈ, ਉਥੇ ਚਵਾਨੀ ਨਹੀਂ ਲਾਈ ਜਾ ਰਹੀ।
ਕੀ ਪ੍ਰਦੂਸ਼ਣ ਵਿਭਾਗ ਦਾ ਸਿਰਫ ਫੈਕਟਰੀਆਂ 'ਤੇ ਜ਼ੋਰ ਚੱਲਦਾ ਹੈ?
ਫੋਕਲ ਪੁਆਇੰਟ 'ਚ ਪ੍ਰਦੂਸ਼ਣ ਕੰਟਰੋਲ ਵਿਭਾਗ ਦਾ ਮੁੱਖ ਦਫਤਰ ਸਥਿਤ ਹੈ ਪਰ ਲੱਗਦਾ ਹੈ ਕਿ ਇਸ ਵਿਭਾਗ ਦਾ ਜ਼ੋਰ ਸਿਰਫ ਫੈਕਟਰੀਆਂ 'ਤੇ ਹੀ ਚੱਲਦਾ ਹੈ। ਫੈਕਟਰੀਆਂ ਦੇ ਪਾਣੀ ਦੇ ਨਮੂਨਿਆਂ ਦੀ ਅਕਸਰ ਜਾਂਚ ਹੁੰਦੀ ਰਹਿੰਦੀ ਹੈ ਪਰ ਕੀ ਇਹ ਵਿਭਾਗ ਸੜਕਾਂ 'ਤੇ ਖੜ੍ਹੇ ਸੀਵਰੇਜ ਦੇ ਪਾਣੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਲੈ ਕੇ ਅਸਮਰੱਥ ਹੈ?
ਸੈਂਕੜੇ ਮਜ਼ਦੂਰ ਬੁਖਾਰ ਦੀ ਲਪੇਟ 'ਚ- ਪੂਰੇ ਫੋਕਲ ਪੁਆਇੰਟ ਖੇਤਰ ਦੇ ਸੀਵਰੇਜ ਇਨ੍ਹੀਂ ਦਿਨੀਂ ਬੰਦ ਪਏ ਹਨ, ਜੋ ਸਬੰਧਿਤ ਵਿਭਾਗ ਵਲੋਂ ਖੋਲ੍ਹੇ ਨਹੀਂ ਜਾ ਰਹੇ। ਕਈ ਸੜਕਾਂ 'ਤੇ ਗੰਦਾ ਪਾਣੀ ਜਮ੍ਹਾ ਰਹਿਣ ਨਾਲ ਜੋ ਮੱਛਰ ਪੈਦਾ ਹੋ ਚੁੱਕੇ ਹਨ, ਉਨ੍ਹਾਂ ਨਾਲ ਇਲਾਕੇ 'ਚ ਬੀਮਾਰੀਆਂ ਫੈਲ ਰਹੀਆਂ ਹਨ। 'ਜਗ ਬਾਣੀ' ਦੀ ਟੀਮ ਨੇ ਅੱਜ ਫੋਕਲ ਪੁਆਇੰਟ ਖੇਤਰ 'ਚ ਜਾ ਕੇ ਸਰਵੇ ਕੀਤਾ ਅਤੇ ਪਾਇਆ ਕਿ ਜ਼ਿਆਦਾਤਰ ਫੈਕਟਰੀਆਂ ਦੀ ਲੇਬਰ ਬੁਖਾਰ ਦੀ ਲਪੇਟ 'ਚ ਆ ਚੁੱਕੀ ਹੈ। ਨੇੜੇ-ਤੇੜੇ ਦੇ ਖੇਤਰਾਂ 'ਚ ਸਥਿਤ ਡਾਕਟਰਾਂ ਦੇ ਇਥੇ ਮਰੀਜ਼ਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਜਲਦੀ ਹੀ ਫੋਕਲ ਪੁਆਇੰਟ ਵਰਗੇ ਨਰਕ ਦੀ ਸਥਿਤੀ 'ਤੇ ਰੋਕ ਨਾ ਲਾਈ ਗਈ ਤਾਂ ਇਹ ਬੀਮਾਰੀ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। 


Related News