ਪੰਜਾਬ ਦੀ ਪਹਿਲੀ ਡੈਂਟਲ ਡਾਕਟਰ ਸ਼ਰਨਜੀਤ ਕੌਰ ਸਿੱਧੂ ਰਾਜ ਪੱਧਰੀ ਐਵਾਰਡ ਨਾਲ ਸਨਮਾਨਿਤ

08/18/2017 12:07:12 AM

ਗੁਰਦਾਸਪੁਰ  (ਵਿਨੋਦ) - ਡਾ. ਸ਼ਰਨਜੀਤ ਕੌਰ ਸਿੱਧੂ ਡਿਪਟੀ ਡਾਇਰੈਕਟਰ-ਕਮ-ਜ਼ਿਲਾ ਡੈਂਟਲ ਹੈਲਥ ਅਫਸਰ ਗੁਰਦਾਸਪੁਰ ਵੱਲੋਂ ਜ਼ਿਲਾ ਗੁਰਦਾਸਪੁਰ ਵਿਖੇ ਸਿਹਤ ਸੇਵਾਵਾਂ ਖਾਸ ਕਰ ਕੇ ਦੰਦਾਂ ਦੀ ਸਿਹਤ ਸੰਭਾਲ, ਤੰਬਾਕੂ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ, ਨਸ਼ਿਆਂ ਦੇ ਬੁਰੇ ਪ੍ਰਭਾਵਾਂ ਵਿਰੁੱਧ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਅਤੇ ਸਰਹੱਦੀ ਪਿੰਡਾਂ ਅੰਦਰ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਸਿੱਧੂ ਸੂਬੇ ਦੀ ਪਹਿਲੀ ਡੈਂਟਲ ਡਾਕਟਰ ਹਨ ਜਿਨ੍ਹਾਂ ਨੂੰ ਸਟੇਟ ਐਵਾਰਡੀ ਹੋਣ ਦਾ ਮਾਣ ਹਾਸਲ ਹੋਇਆ ਹੈ।
ਡਾ. ਸਿੱਧੂ ਪਿੰਡ ਕੋਟ ਸਿਵੀਆ, ਜ਼ਿਲਾ ਤਰਨਤਾਰਨ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਬਾਬਾ ਬੁੱਢਾ ਪਬਲਿਕ ਸਕੂਲ, ਬੀੜ ਸਾਹਿਬ ਵਿਖੇ ਕੀਤੀ ਤੇ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ, ਸ੍ਰੀ ਅੰਮ੍ਰਿਤਸਰ ਵਿਖੇ ਬੀ. ਡੀ. ਐੱਸ. ਦੀ ਡਿਗਰੀ ਦੀ ਪੜ੍ਹਾਈ ਕੀਤੀ। ਜੂਨ 2001 'ਚ ਉਨ੍ਹਾਂ ਮੈਡੀਕਲ ਅਫਸਰ ਡੈਂਟਲ ਵਜੋਂ ਪਿੰਡ ਕੈਰੋਂ ਵਿਖੇ ਸਰਵਿਸ ਸ਼ੁਰੂ ਕੀਤੀ। ਸਰਵਿਸ ਦੌਰਾਨ ਹੀ ਉਨ੍ਹਾਂ ਮਾਸਟਰ ਇਨ ਡੈਂਟਲ ਸਰਜਰੀ ਦੀ ਡਿਗਰੀ ਸ੍ਰੀ ਗੁਰੂ ਰਾਮਦਾਸ ਕਾਲਜ ਤੋਂ ਪ੍ਰਾਪਤ ਕੀਤੀ।
20 ਮਾਰਚ 2017 ਨੂੰ 'ਵਰਲਡ ਅੋਰਲ ਹੈਲਥ ਡੇ' ਮੌਕੇ ਜ਼ਿਲੇ ਦੇ ਸਮੂਹ ਡੈਂਟਲ ਡਾਕਟਰਾਂ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਗਿਆ। 11 ਜੁਲਾਈ ਨੂੰ ਤਿੱਬੜ 'ਚ ਕਰਵਾਏ ਸਮਾਗਮ ਦੌਰਾਨ 1100 ਲੋਕਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਸਬੰਧੀ ਕਿੱਟਾਂ ਵੰਡੀਆਂ ਗਈਆਂ। 25 ਜੁਲਾਈ ਨੂੰ ਬਾਲ ਭਲਾਈ ਵੱਲੋਂ ਕਰਵਾਏ ਗਏ ਸਮਾਗਮ 'ਚ ਪਹੁੰਚੇ ਸਮੂਹ ਵਿਦਿਆਰਥੀਆਂ ਦੇ ਦੰਦਾਂ ਦੀ ਚੈਕਿੰਗ ਕੀਤੀ ਗਈ। ਇਸ ਸਮਾਗਮ 'ਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨੀਲਿਮਾ ਵੱਲੋਂ ਡਾ. ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਸਿੱਧੂ ਦਾ ਕਹਿਣਾ ਹੈ ਕਿ ਜੀਵਨ 'ਚ ਜਿਥੇ ਪੜ੍ਹਾਈ ਜ਼ਰੂਰੀ ਹੈ, ਉਥੇ ਸਿਹਤ ਪ੍ਰਤੀ ਜਾਗਰੂਕ ਹੋਣਾ ਵੀ ਓਨਾ ਹੀ ਮਹੱਤਵ ਰੱਖਦਾ ਹੈ। ਬਿਨਾਂ ਸਿਹਤ ਤੋਂ ਅਸੀਂ ਜੀਵਨ ਦੀ ਆਸ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਤੇ ਬੱਚਿਆਂ ਸਮੇਤ ਸਮੁੱਚੇ ਸਮਾਜ ਨੂੰ ਸਿਹਤਮੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ ਵੱਡੇ ਸਨਮਾਨ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।


Related News