ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਟ੍ਰੈਫਿਕ ਦੀ ਸਮੱਸਿਆ ਲਈ ਕੀਤੇ ਪ੍ਰਬੰਧ ਖੋਖਲੇ

10/19/2017 7:21:35 AM

ਫਗਵਾੜਾ, (ਹਰਜੋਤ)- ਭਾਵੇਂ ਫਗਵਾੜਾ ਪੁਲਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਾਜ਼ਾਰਾਂ 'ਚੋਂ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਦੂਰ-ਦੂਰ ਤੱਕ ਪੁਲਸ ਦੇ ਕਰਮਚਾਰੀ ਨਜ਼ਰ ਹੀ ਨਹੀਂ ਆ ਰਹੇ ਹਨ, ਜਿਸ ਕਾਰਨ ਕਾਫ਼ੀ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਪੁਲਸ ਇਸ ਸਬੰਧੀ ਗੰਭੀਰ ਨਹੀਂ ਜਾਪ ਰਹੀ ਹੈ।
ਇਸ ਸਬੰਧੀ ਜਦੋਂ ਫਗਵਾੜਾ ਦੇ ਮੁੱਖ ਬਾਜ਼ਾਰ ਬੰਗਾ ਰੋਡ, ਗਊਸ਼ਾਲਾ ਬਾਜ਼ਾਰ, ਸਿਨੇਮਾ ਰੋਡ, ਨਾਈਆਂ ਚੌਕ ਤੇ ਸਰਾਏ ਰੋਡ ਦਾ ਦੌਰਾ ਕੀਤਾ ਗਿਆ ਤਾਂ ਲੋਕਾਂ ਨੇ ਸੜਕਾਂ ਦੇ ਕੰਢੇ ਹੀ ਆਪਣੇ ਵਾਹਨ ਖੜ੍ਹੇ ਕਰ ਕੇ ਗਏ ਹੋਏ ਸਨ ਤੇ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਸੀ। ਭਾਵੇਂ ਬੀਤੇ ਦਿਨੀਂ ਨਗਰ ਨਿਗਮ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਸਨ ਪਰ ਦੁਕਾਨਾਂ 'ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਅਤੇ ਉਨ੍ਹਾਂ ਆਪਣਾ ਸਾਮਾਨ ਸੜਕਾਂ ਦੇ ਕੰਢੇ ਤੱਕ ਟਿਕਾ ਕੇ ਰੱਖਿਆ ਹੋਇਆ ਸੀ। ਉਥੇ ਹੀ ਰੇਹੜੀਆਂ ਦੀ ਵੀ ਕਾਫ਼ੀ ਭਰਮਾਰ ਰਹੀ ਪਰ ਇਸ ਸਾਮਾਨ ਨੂੰ ਹਟਾਉਣ ਲਈ ਕੋਈ ਨਗਰ ਨਿਗਮ ਦਾ ਅਧਿਕਾਰੀ ਦਿਖਾਈ ਨਹੀਂ ਦਿੱਤਾ। 
ਕੀ ਕਹਿੰਦੇ ਹਨ ਲੋਕ
ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਗਵਾੜਾ ਪੁਲਸ ਦੇ ਅਫ਼ਸਰ ਅਕਸਰ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ 'ਚੋਂ ਟ੍ਰੈਫ਼ਿਕ ਦੀ ਸਮੱਸਿਆ ਹੱਲ ਕਰਨ ਲਈ ਪੁਲਸ ਨੇ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਹੋਏ ਹਨ ਪਰ ਬਾਜ਼ਾਰਾਂ 'ਚ ਇੰਨਾ ਬੁਰਾ ਹਾਲ ਹੈ ਕਿ ਇਥੋਂ ਲੰਘਣਾ ਵੀ ਮੁਸ਼ਕਲ ਹੈ।
ਕੀ ਕਹਿੰਦੇ ਹਨ ਐੱਸ. ਡੀ. ਐੱਮ.
ਇਸ ਸਬੰਧੀ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਐੱਸ. ਪੀ. ਸਾਹਿਬ ਨੂੰ ਇਸ ਸਬੰਧੀ ਟ੍ਰੈਫ਼ਿਕ 'ਚ ਸੁਧਾਰ ਕਰਨ ਲਈ ਲਿਖਤ ਪੱਤਰ ਭੇਜੇ ਹੋਏ ਹਨ ਪਰ ਪੁਲਸ ਅਧਿਕਾਰੀ ਇਹ ਹੀ ਭਰੋਸਾ ਦੇ ਰਹੇ ਹਨ ਕਿ ਉਹ ਫੀਲਡ 'ਚ ਹਨ ਤੇ ਟ੍ਰੈਫ਼ਿਕ ਦਾ ਧਿਆਨ ਰੱਖ ਰਹੇ ਹਨ। 


Related News