ਕਿਸਾਨ ਦੀ ਜ਼ਮੀਨ ਦੀ ਕੁਰਕੀ ਲਈ ਗਈ ਟੀਮ ਬੇਰੰਗ ਪਰਤੀ

12/13/2017 6:41:29 AM

ਪਟਿਆਲਾ, ਰੱਖੜਾ, (ਬਲਜਿੰਦਰ/ਰਾਣਾ/ਜੋਸਨ)- ਪਿੰਡ ਬਰਸਟ ਵਿਖੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਗਈ ਪ੍ਰਸ਼ਾਸਨਿਕ ਟੀਮ ਖਿਲਾਫ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਜਥੇਬੰਦੀ ਦੇ ਭਖਦੇ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਦੀ ਟੀਮ ਨੂੰ ਵਾਪਸ ਪਰਤਣਾ ਪਿਆ। 
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਲਾਇਆ ਗਿਆ। ਇਸ ਮੌਕੇ ਜੰਗ ਸਿੰਘ ਭਟੇੜੀ, ਅਵਤਾਰ ਸਿੰਘ ਕੌਰਜੀਵਾਲ, ਨਿਰਮਲ ਸਿੰਘ ਫਤਿਹਪੁਰ, ਹਰਚੰਦ ਸਿੰਘ ਢੱਕੜ੍ਹਬਾ ਤੇ  ਜਗਮੋਹਨ ਸਿੰਘ ਜ਼ਿਲਾ ਜਨਰਲ ਸਕੱਤਰ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਨਾਲ ਅਜਿਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਪਹਿਲਾਂ ਤੋਂ ਹੀ ਮਾਣਯੋਗ ਅਦਾਲਤ ਵਿਚ ਕੇਸ ਜਿੱਤ ਚੁੱਕਾ ਹੈ। ਫਿਰ ਵੀ ਪ੍ਰਸ਼ਾਸਨ ਸਰਮਾਏਦਾਰਾਂ ਨਾਲ ਮਿਲ ਕੇ ਕਿਸਾਨ ਖਿਲਾਫ਼ ਅਜਿਹੇ ਜ਼ਮੀਨ ਹੜੱਪਣ ਦੇ ਹੱਥਕੰਡੇ ਅਪਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਦੂਜਾ ਪ੍ਰਸ਼ਾਸਨ ਵੱਲੋਂ ਜਾਣ-ਬੁੱਝ ਕੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਧੱਕੇਸ਼ਾਹੀ ਪ੍ਰਤੀ ਪ੍ਰਸ਼ਾਸਨ ਨੇ ਨੱਥ ਨਾ ਪਾਈ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਰੋਸ ਨੂੰ ਹੋਰ ਤਿੱਖਾ ਕਰੇਗੀ। 


Related News