ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਖਿਲਾਫ ਲਾਇਆ ਧਰਨਾ

08/17/2017 3:32:35 AM

ਅਬੋਹਰ,  (ਸੁਨੀਲ, ਰਹੇਜਾ)—  ਸਥਾਨਕ ਸਿਵਲ ਹਸਪਤਾਲ 'ਚ ਬੀਤੀ ਰਾਤ ਇਕ ਹੋਰ ਗਰਭਵਤੀ ਦੀ ਜਣੇਪੇ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਅੱਜ ਸਥਾਨਕ ਸਿਵਲ ਹਸਪਤਾਲ 'ਚ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ ਤੇ ਡਾਕਟਰੀ ਸਟਾਫ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨੇ ਆਏ ਦਿਨ ਸਿਵਲ ਪ੍ਰਸ਼ਾਸਨ ਖਿਲਾਫ ਲੱਗਣ ਵਾਲੇ ਧਰਨਿਆਂ ਦੇ ਵਿਰੋਧ 'ਚ ਆਪਣਾ ਮੋਰਚਾ ਖੋਲ੍ਹਦੇ ਹੋਏ ਆਪਣਾ ਕੰਮਕਾਜ ਠੱਪ ਕਰ ਕੇ ਧਰਨਾ ਲਾ ਦਿੱਤਾ। ਮਾਹੌਲ ਨੂੰ ਤਣਾਅਪੂਰਨ ਦੇਖਦੇ ਹੋਏ ਉਪ-ਮੰਡਲ ਅਧਿਕਾਰੀ ਪੂਨਮ ਸਿੰਘ, ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਪੁਲਸ ਉਪ-ਕਪਤਾਨ ਗੁਰਬਿੰਦਰ ਸਿੰਘ ਸਾਂਘਾ, ਤਹਿਸੀਲਦਾਰ ਜੈਤਕੰਵਰ, ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਭਾਰੀ ਪੁਲਸ ਨਾਲ ਮੌਕੇ 'ਤੇ ਪਹੁੰਚੇ, ਜਿਸ ਨਾਲ ਦਿਨ ਭਰ ਹਸਪਤਾਲ 'ਚ ਤਣਾਅਪੂਰਨ ਸਥਿਤੀ ਬਣੀ ਰਹੀ ਅਤੇ ਮਰੀਜ਼ਾਂ ਨੂੰ ਬਿਨਾਂ ਇਲਾਜ ਦੇ ਵਾਪਸ ਜਾਣਾ ਪਿਆ। 
ਕੀ ਸੀ ਮਾਮਲਾ
ਜਾਣਕਾਰੀ ਅਨੁਸਾਰ ਉਪ-ਮੰਡਲ ਦੀ ਉਪ-ਤਹਿਸੀਲ ਖੂਈਆਂ ਸਰਵਰ ਵਾਸੀ ਤੇ ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਗੁਰਮੇਜ ਗੇਜੀ ਦੀ ਕਰੀਬ 30 ਸਾਲਾ ਨੂੰਹ ਸੁਖਵਿੰਦਰ ਕੌਰ ਪਤਨੀ ਰਾਜ ਕੁਮਾਰ ਨੂੰ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ 14 ਅਗਸਤ ਨੂੰ ਗਰਭਵਤੀ ਦਾ ਜਣੇਪਾ ਕੀਤਾ ਗਿਆ। ਇਸ ਦੌਰਾਨ ਗਰਭਵਤੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਪਰ 15 ਅਗਸਤ ਦੀ ਦੇਰ ਰਾਤ 
ਗਰਭਵਤੀ ਦੀ ਹਾਲਤ ਖਰਾਬ ਹੋਈ ਤਾਂ ਸਵੇਰੇ ਕਰੀਬ 5 ਵਜੇ ਉਸ ਨੇ ਦਮ ਤੋੜ ਦਿੱਤਾ। ਇੱਧਰ ਮ੍ਰਿਤਕਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ, ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ 'ਤੇ ਗਰਭਵਤੀ ਦਾ ਸਹੀ ਇਲਾਜ ਨਾ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਹਸਪਤਾਲ 'ਚ ਧਰਨਾ ਲਾ ਦਿੱਤਾ। 
ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ 'ਤੇ ਆਏ ਦਿਨ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਆਏ ਨੇ ਤੇ ਇਨ੍ਹਾਂ ਦੀ ਲਾਪ੍ਰਵਾਹੀ ਕਾਰਨ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਹਨ ਪਰ ਅੱਜ ਤਕ ਉਨ੍ਹਾਂ ਮਾਮਲਿਆਂ ਦੀ ਜਾਂਚ ਵੀ ਪੂਰੀ ਨਹੀਂ ਹੋ ਸਕੀ ਕਿ ਇਕ ਹੋਰ ਘਟਨਾ ਘਟ ਗਈ। ਮ੍ਰਿਤਕਾ ਰਮਨਦੀਪ ਕੌਰ ਦੇ ਪਰਿਵਾਰ ਵਾਲਿਆਂ ਨੂੰ ਅੱਜ ਤਕ ਇਨਸਾਫ ਨਹੀਂ ਮਿਲ ਸਕਿਆ ਤੇ ਨਾ ਹੀ ਸਿਵਲ ਪ੍ਰਸ਼ਾਸਨ ਨੇ ਉਸ ਮਾਮਲੇ ਦੀ ਰਿਪੋਰਟ ਜਨਤਕ ਕੀਤੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਕੀ ਕਹਿਣਾ ਹੈ ਡਾਕਟਰਾਂ ਦਾ
ਇੱਧਰ ਧਰਨੇ 'ਤੇ ਬੈਠੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਦੇ ਬਾਵਜੂਦ ਹਰੇਕ ਡਾਕਟਰ ਆਪਣੀ ਡਿਊਟੀ ਤੋਂ ਜ਼ਿਆਦਾ ਕੰਮ ਕਰ ਕੇ ਮਰੀਜ਼ਾਂ ਨੂੰ ਸੇਵਾਵਾਂ ਦੇ ਰਿਹਾ ਹੈ ਪਰ ਆਏ ਦਿਨ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਨੂੰ ਬੁੱਚੜਖਾਨਾ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ। ਹਸਪਤਾਲ ਦੀ ਸਿਰਫ ਇਕ ਹੀ ਗਾਇਨੀ ਡਾਕਟਰ ਦਿਨ ਭਰ ਦਰਜਨਾਂ ਡਲਿਵਰੀਆਂ ਕਰ ਰਹੀ ਹੈ, ਜਿਸ ਕਾਰਨ ਬੀਤੇ ਮਹੀਨੇ ਕਰੀਬ 400 ਡਲਿਵਰੀ ਕੇਸ ਹੋਏ ਹਨ, ਇਸ ਗਾਇਨੀ ਡਾਕਟਰ ਨੂੰ 24 ਘੰਟੇ ਆਪਣੀ ਡਿਊਟੀ ਦੇਣ ਦੇ ਬਾਵਜੂਦ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਸਪਤਾਲ ਵਿਚ ਕਰੀਬ 600 ਮਰੀਜ਼ਾਂ ਦੀ ਹਰ ਰੋਜ਼ ਜਾਂਚ ਕੀਤੀ ਜਾਂਦੀ ਹੈ।  21 ਮਾਹਿਰ ਡਾਕਟਰਾਂ ਦੀ ਬਜਾਏ ਸਿਰਫ 7-8 ਡਾਕਟਰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਤੇ ਕੋਈ ਵੀ ਡਾਕਟਰ ਇਹ ਨਹੀਂ ਚਾਹੁੰਦਾ ਕਿ ਉਸ ਦੇ ਹੱਥਾਂ ਤੋਂ ਕਿਸੇ ਮਰੀਜ਼ ਦੀ ਜਾਨ ਜਾਵੇ। ਇਹ ਸਿਰਫ ਇਕ ਹਾਦਸਾ ਹੁੰਦਾ ਹੈ ਪਰ ਕੁਝ ਸ਼ਰਾਰਤੀ ਤੱਤਾਂ ਵੱਲੋਂ ਹਸਪਤਾਲ ਦੇ ਮਾਹੌਲ ਨੂੰ ਖਰਾਬ ਕਰਨ ਦੇ ਯਤਨ ਕੀਤੇ ਜਾਂਦੇ ਹਨ। ਡਾਕਟਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅੱਜ ਤਾਂ ਉਨ੍ਹਾਂ ਨੇ ਇਕ ਦਿਨ ਲਈ ਕੰਮਕਾਜ ਠੱਪ ਰੱਖਿਆ ਹੈ, ਜੇਕਰ ਉਨ੍ਹਾਂ ਦੇ ਕਿਸੇ ਵੀ ਸਾਥੀ ਨਾਲ ਧੱਕਾ ਹੋਇਆ ਤਾਂ ਪੂਰੇ ਜ਼ਿਲੇ ਵਿਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ। 
ਕੀ ਹੈ ਮੰਗ
ਧਰਨੇ 'ਚ ਪੁੱਜੇ ਸਿਵਲ ਸਰਜਨ ਨੇ ਮ੍ਰਿਤਕਾ ਦੇ ਪਰਿਵਾਰ ਤੇ ਧਰਨਾਕਾਰੀਆਂ ਦੀ ਮੰਗ 'ਤੇ ਮ੍ਰਿਤਕਾ ਗਰਭਵਤੀ ਦੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਤਿੰਨ ਡਾਕਟਰਾਂ ਦੀ ਟੀਮ ਗਠਿਤ ਕੀਤੀ, ਜਿਸ ਵਿਚ ਡਾਕਟਰ ਰੋਹਿਤ, ਡਾ. ਜਿਯੋਤੀ ਤੇ ਡਾ. ਅਨਮੋਲ ਸ਼ਾਮਲ ਹਨ। ਸਿਵਲ ਸਰਜਨ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮ੍ਰਿਤਕਾ ਦੀ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ, ਜੇਕਰ ਉਸ ਵਿਚ ਡਾਕਟਰੀ ਸਟਾਫ ਦੀ ਲਾਪ੍ਰਵਾਹੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ, ਜਦਕਿ ਮ੍ਰਿਤਕਾ ਦੇ ਪਰਿਵਾਰ ਵਾਲੇ ਗਰਭਵਤੀ ਦਾ ਇਲਾਜ ਕਰਨ ਵਾਲੇ 2 ਡਾਕਟਰਾਂ ਅਤੇ ਇਕ ਨਰਸ ਨੂੰ ਸਸਪੈਂਡ ਕੀਤੇ ਜਾਣ ਦੀ ਮੰਗ 'ਤੇ ਅੜੇ ਹੋਏ ਹਨ।
ਕੀ ਕਹਿੰਦੇ ਨੇ ਸਿਵਲ ਸਰਜਨ
ਸਿਵਲ ਸਰਜਨ ਨੇ ਕਿਹਾ ਕਿ ਬਿਨਾਂ ਜਾਂਚ ਦੇ ਕਿਸੇ ਵੀ ਡਾਕਟਰ ਜਾਂ ਸਟਾਫ ਨੂੰ ਸਸਪੈਂਡ ਕਰਨ ਦਾ ਉਨ੍ਹਾਂ ਕੋਲ ਅਧਿਕਾਰ ਨਹੀਂ ਹੈ। ਦੂਜੇ ਪਾਸੇ ਉਪ-ਮੰਡਲ ਅਧਿਕਾਰੀ ਪੂਨਮ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ, ਡਾਕਟਰਾਂ ਅਤੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੱਧ ਕੀਤੇ ਜਾ ਚੁੱਕੇ ਹਨ। ਸ਼ਾਮ 4 ਵਜੇ ਤੱਕ ਦੋਵਾਂ ਧਿਰਾਂ ਦਾ ਧਰਨਾ ਜਾਰੀ ਸੀ ਅਤੇ ਹਸਪਤਾਲ 'ਚ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਸਨ। 


Related News