ਨਕਲੀ ਦੁੱਧ ਬਣਾਉਣ ਦੇ ਗੋਰਖਧੰਦੇ ਦਾ ਪਰਦਾਫਾਸ਼

10/17/2017 9:09:17 PM

ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)- ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਸੰਗਰੂਰ ਦੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਬਿੰਝੋਕੀ ਖੁਰਦ ਵਿਖੇ ਪਿਛਲੇ ਕਈ ਸਾਲਾਂ ਤੋਂ ਨਕਲੀ ਦੁੱਧ ਤਿਆਰ ਕਰਨ ਦਾ ਗੋਰਖਧੰਦਾ ਕਰਦੇ ਆ ਰਹੇ ਇਕ ਪਸ਼ੂ ਪਾਲਕ ਦੇ ਵਾੜੇ ਵਿਚ ਛਾਪਾ ਮਾਰ ਕੇ ਪੁਲਸ ਨੇ ਨਕਲੀ ਦੁੱਧ ਦੇ ਜ਼ਖੀਰੇ ਸਣੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ ਸਾਢੇ 5 ਵਜੇ ਸਬ-ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਬਿੰਜੋਕੀ ਖੁਰਦ ਪੁੱਜੀ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੀ ਛਾਪੇਮਾਰੀ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਹਾਕਮ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਵਾੜੇ 'ਚ ਜਦੋਂ ਛਾਪਾ ਮਾਰਿਆ ਤਾਂ ਉਹ ਨਕਲੀ ਦੁੱਧ ਤਿਆਰ ਕਰਨ 'ਚ ਲੱਗਾ ਹੋਇਆ ਸੀ, ਜਿਸਨੂੰ ਰੰਗੇ ਹੱਥੀਂ ਕਾਬੂ ਕਰ ਕੇ ਪੁਲਸ ਨੇ ਕਰੀਬ 550 ਲੀਟਰ ਨਕਲੀ ਦੁੱਧ ਕਬਜ਼ੇ 'ਚ ਲੈ ਲਿਆ।
ਰੋਜ਼ਾਨਾ 150 ਲੀਟਰ ਅਸਲੀ ਦੁੱਧ ਤੋਂ ਬਣਾਉਂਦਾ ਸੀ 1500 ਲੀਟਰ ਨਕਲੀ ਦੁੱਧ
ਮੌਕੇ 'ਤੇ ਪੁੱਜੇ ਫੂਡ ਵਿਭਾਗ ਸੰਗਰੂਰ ਦੇ ਅਸਿਸਟੈਂਟ ਕਮਿਸ਼ਨਰ ਰਵਿੰਦਰ ਕੁਮਾਰ ਗਰਗ ਅਤੇ ਫੂਡ ਸਪਲਾਈ ਅਫਸਰ ਬਰਨਾਲਾ ਗੌਰਵ ਕੁਮਾਰ ਗਰਗ ਨੇ ਦੱਸਿਆ ਕਿ ਨਕਲੀ ਦੁੱਧ ਸਮੇਤ ਫੜਿਆ ਗਿਆ ਵਿਅਕਤੀ ਹਾਕਮ ਸਿੰਘ ਆਪਣੇ ਵਾੜੇ ਵਿਚ ਕਰੀਬ 10-12 ਸਾਲ ਤੋਂ ਨਕਲੀ ਦੁੱਧ ਬਣਾ ਕੇ ਕੁੱਪ ਕਲਾਂ ਦੀ ਇਕ ਫੂਡ ਲਿਮੀਟਿਡ ਨੂੰ ਸਪਲਾਈ ਕਰਦਾ ਆ ਰਿਹਾ ਸੀ। ਵਾੜੇ ਵਿਚੋਂ 550 ਲੀਟਰ ਤਿਆਰ ਕੀਤੇ ਨਕਲੀ ਦੁੱਧ ਸਣੇ ਇਕ ਕੁਇੰਟਲ ਸਕਿਮਡ ਮਿਲਕ (ਗੁਲੂਕੋਜ਼ ਪਾਊਡਰ), 5 ਥੈਲੇ ਡੈਕਲੀਨ ਪਾਊਡਰ, 15 ਲੀਟਰ ਰਿਫਾਇੰਡ ਪਾਮੋਲਿਮ ਤੇਲ, 15 ਲੀਟਰ ਬਨਸਪਤੀ ਘਿਓ ਅਤੇ ਇਕ ਦੁੱਧ ਬਣਾਉਣ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਫੂਡ ਵਿਭਾਗ ਅਧਿਕਾਰੀਆਂ ਦੇ ਦੱਸਣ ਮੁਤਾਬਕ ਉਕਤ ਵਿਅਕਤੀ 150 ਲੀਟਰ ਅਸਲ ਦੁੱਧ ਵਿਚ ਉਕਤ ਬਰਾਮਦ ਕੀਤੇ ਪਦਾਰਥਾਂ ਨੂੰ ਮਿਲਾ ਕੇ ਹਰ ਰੋਜ਼ 1500 ਲੀਟਰ ਨਕਲੀ ਦੁੱਧ ਤਿਆਰ ਕਰ ਕੇ ਅੱਗੇ ਆਪਣੀਆਂ ਗੱਡੀਆਂ ਰਾਹੀਂ ਫੂਡ ਲਿਮ. ਨੂੰ ਸਪਲਾਈ ਕਰਦਾ ਸੀ।
ਫੂਡ ਲਿਮੀਟਿਡ ਸਣੇ ਸੰਗਰੂਰ ਦੀ ਪਾਊਡਰ ਵੇਚਣ ਵਾਲੀ ਡੇਅਰੀ ਦੀ ਵੀ ਹੋਵੇਗੀ ਜਾਂਚ  
ਪੁੱਛਗਿੱਛ ਦੌਰਾਨ ਵਾੜੇ ਦੇ ਮਾਲਕ ਨੇ ਮੰਨਿਆ ਕਿ ਉਹ ਨਕਲੀ ਦੁੱਧ ਤਿਆਰ ਕਰਨ ਲਈ ਜਿਥੇ ਘਿਓ ਤੇ ਰਿਫਾਇੰਡ ਮਾਲੇਰਕੋਟਲਾ ਦੇ ਕਰਿਆਨਾ ਸਟੋਰਾਂ ਤੋਂ ਖਰੀਦਦਾ ਸੀ ਉਥੇ ਨਕਲੀ ਦੁੱਧ ਤਿਆਰ ਕਰਨ ਵਾਲੇ ਬਾਕੀ ਪਾਊਡਰਾਂ ਦੀ ਖਰੀਦਦਾਰੀ ਉਹ ਸੰਗਰੂਰ ਦੀ ਇਕ ਡੇਅਰੀ ਤੋਂ ਕਰਦਾ ਸੀ। ਫੂਡ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸੰਗਰੂਰ ਦੀ ਉਕਤ ਪਾਊਡਰ ਵੇਚਣ ਵਾਲੀ ਡੇਅਰੀ ਸਣੇ ਨਕਲੀ ਦੁੱਧ ਖਰੀਦਣ ਵਾਲੀ ਫੂਡ ਲਿਮ. ਨੂੰ ਵੀ ਜਾਂਚ ਦੇ ਘੇਰੇ 'ਚ ਲਿਆਂਦਾ ਜਾਵੇਗਾ। 
ਸੀ.ਆਈ.ਏ. ਸਟਾਫ ਦੀ ਛਾਪੇਮਾਰੀ ਟੀਮ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਹਾਕਮ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਜਿਥੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵਾੜੇ 'ਚੋਂ ਬਰਾਮਦ ਹੋਇਆ ਨਕਲੀ ਦੁੱਧ ਅਤੇ ਹੋਰ ਸਾਮਾਨ ਸਣੇ ਵਾਹਨ ਥਾਣਾ ਅਮਰਗੜ੍ਹ ਵਿਖੇ ਲਿਜਾਇਆ ਗਿਆ ਹੈ।


Related News