ਕਿਸਾਨ ਨੂੰ ਗੋਲੀ ਮਾਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਉਠੀ

06/25/2017 11:32:00 AM

ਤਰਨਤਾਰਨ/ਜੰਡਿਆਲਾ ਗੁਰੂ - ਪੰਜਾਬ ਸਰਕਾਰ ਵੱਲੋਂ ਧੱਕੇਸ਼ਾਹੀ ਨੂੰ ਨੱਥ ਪਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਪਿੰਡ ਬਾਗੜੀਆਂ ਖੁਰਦ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਾਡੇ ਪਿੰਡ 'ਚ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਸ਼ਰੇਆਮ ਫਾਇਰਿੰਗ ਕੀਤੀ ਗਈ, ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਅਤੇ ਔਰਤਾਂ ਨਾਲ ਵੀ ਧੱਕਾ-ਮੁੱਕੀ ਤੋਂ ਇਲਾਵਾ ਗਾਲੀ-ਗਲੋਚ ਵੀ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਉਕਤ ਘਟਨਾ ਦੇ ਵਾਪਰਨ ਤੋਂ ਬਾਅਦ 5 ਦਿਨ ਬੀਤ ਜਾਣ 'ਤੇ ਵੀ ਪੁਲਸ ਵਿਭਾਗ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰ ਕੇ ਪਿੰਡ ਵਾਸੀਆਂ 'ਚ ਭਾਰੀ ਰੋਸ ਹੈ।
ਸਰਪੰਚ ਬਿਕਰਮਜੀਤ ਸਿੰਘ, ਲਾਹੌਰ ਸਿੰਘ, ਸਰਵਣ ਸਿੰਘ ਤੇ ਕੁਲਵਿੰਦਰ ਸਿੰਘ (ਸਾਰੇ ਮੈਂਬਰ ਪੰਚਾਇਤ) ਨੇ ਕਿਹਾ ਕਿ ਬੀਤੇ ਦਿਨੀਂ ਸਾਡੇ ਪਿੰਡ ਦੇ ਕਿਸਾਨ ਲਖਵਿੰਦਰ ਸਿੰਘ ਦੇ ਘਰ 'ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਕੇ ਉਨ੍ਹਾਂ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਔਰਤਾਂ ਨਾਲ ਵੀ ਕੁੱਟਮਾਰ ਤੇ ਬਦਸਲੂਕੀ ਕੀਤੀ ਗਈ।
ਕਿਸਾਨ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਇਕ ਏਕੜ ਜ਼ਮੀਨ ਦੇ ਝਗੜੇ ਸਬੰਧੀ ਕੇਸ ਅਦਾਲਤ 'ਚ ਚੱਲ ਰਿਹਾ ਹੈ ਪਰ ਸਾਡੀ ਵਿਰੋਧੀ ਪਾਰਟੀ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਕਰ ਕੇ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਮੇਰੇ ਪੁੱਤਰ ਪ੍ਰਭਪ੍ਰੀਤ ਤੇ ਪਰਿਵਾਰ ਦੀਆਂ ਔਰਤਾਂ 'ਤੇ ਹਮਲਾ ਵੀ ਕੀਤਾ ਗਿਆ।
ਪੀੜਤ ਕਿਸਾਨ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਸਾਨੂੰ ਪਿਛਲੇ ਕਈ ਦਿਨਾਂ ਤੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਸਬੰਧੀ ਅਸੀਂ ਸਮੁੱਚੀ ਪੰਚਾਇਤ ਨੂੰ ਨਾਲ ਲਿਜਾ ਕੇ ਥਾਣਾ ਸਦਰ ਦੇ ਐੱਸ. ਐੱਚ. ਓ. ਨੂੰ ਲਿਖਤੀ ਦਰਖਾਸਤ ਰਾਹੀਂ ਜਾਣੂ ਵੀ ਕਰਵਾਇਆ ਤੇ ਐੱਸ. ਐੱਚ. ਓ. ਨੇ ਸਾਡੇ ਕੇਸ ਦੀ ਪੜਤਾਲ ਕਰਨ ਲਈ ਏ. ਐੱਸ. ਆਈ. ਰੈਂਕ ਦੇ ਇਕ ਅਧਿਕਾਰੀ ਦੀ ਡਿਊਟੀ ਲਾ ਦਿੱਤੀ।
ਲਖਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਜ਼ਖਮੀ ਪ੍ਰਭਪ੍ਰੀਤ ਸਿੰਘ ਨੂੰ ਲੈ ਕੇ ਜਦੋਂ ਅਸੀਂ ਥਾਣਾ ਸਦਰ ਤਰਨਤਾਰਨ ਗਏ ਤਾਂ ਉਕਤ ਵਿਅਕਤੀਆਂ ਨੇ ਸਾਨੂੰ ਥਾਣੇ 'ਚੋਂ ਡਾਕਟ ਕੱਟ ਦੇ ਦੇਣ ਤੋਂ ਨਾਂਹ ਕਰ ਦਿੱਤੀ, ਜਿਸ ਕਰ ਕੇ ਸਾਨੂੰ ਅਦਾਲਤ ਰਾਹੀਂ ਡਾਕਟ ਲੈਣ ਵਾਸਤੇ ਖੱਜਲ-ਖੁਆਰ ਹੋਣਾ ਪਿਆ। ਪਿੰਡ ਬਾਗੜੀਆਂ ਦੀ ਪੰਚਾਇਤ ਅਤੇ ਪੀੜਤ ਕਿਸਾਨ ਨੇ ਮੁੱਖ ਮੰਤਰੀ ਪੰਜਾਬ ਪਾਸੋਂ ਇਨਸਾਫ ਦੀ ਮੰਗ ਕੀਤੀ।
ਇਸ ਸਾਰੇ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਝਗੜੇ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ, ਪੜਤਾਲ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਨੇ ਪੀੜਤ ਕਿਸਾਨ ਵੱਲੋਂ ਪੱਖਪਾਤ ਦੇ ਲਾਏ ਦੋਸ਼ਾਂ ਦਾ ਵੀ ਖੰਡਨ ਕੀਤਾ।


Related News