ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤਾ ਰੋਡ ਜਾਮ

10/20/2017 1:00:58 PM

ਦੀਨਾਨਗਰ (ਦੀਪਕ) —ਦੀਨਾਨਗਰ ਦੇ ਪਿੰਡ ਅਵਾਖਾ ਦੇ ਇਕ 21 ਸਾਲਾ ਮੁਨੀਸ਼ ਉਰਫ ਮੰਨੂ ਨਾਮਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਰੱਖ ਕੇ 4 ਘੰਟੇ ਚੱਕਾ ਜਾਮ ਕੀਤਾ ਅਤੇ ਪਿੰਡ ਵਾਸੀਆਂ ਵਲੋਂ ਪੁਲਸ ਪ੍ਰਸ਼ਾਸ਼ਨ ਅਤੇ ਡਾਕਟਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ । ਪਰਿਵਾਰਕ ਮੈਂਬਰਾਂ ਨੇ ਮੰਨੂ ਦੇ ਇਲਾਜ 'ਚ ਡਾਕਟਰ ਵਲੋਂ ਲਾਪਰਵਾਹੀ ਅਤੇ ਪੁਲਸ ਵਲੋਂ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ । ਧਰਨੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਦੀਆਂ ਹੀ ਮੌਕੇ ਤੇ ਪਹੁੰਚੇ ਏ.ਐੱਸ. ਪੀ. ਵਰੁਣ ਸ਼ਰਮਾ ਵਲੋਂ ਲਾਸ਼ ਨੂੰ ਕਬਜੇ 'ਚ ਲੈ ਕੇ ਗਵਾਹ ਦੇ ਆਧਾਰ ਤੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।
ਜਾਣਕਾਰੀ ਮੁਤਾਬਕ ਮ੍ਰਿਤਕ ਦੇ ਚਾਚੇ ਵਿਕਰਮ ਸਿੰਘ ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਦੀਨਾਨਗਰ ਸਥਿਤ ਰੈਸਟੋਰੇਂਟ ਦੇ ਬਾਹਰ ਲੜਕਿਆਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ,ਝਗੜੇ ਤੋਂ ਬਾਅਦ 4 ਲੜਕੇ ਮੁਨੀਸ਼ ਨੂੰ ਜਬਰੀ ਚੁੱਕ ਕੇ ਨਾਲ ਲੈ ਗਏ ਉਸ ਨਾਲ ਫਿਰ ਮਾਰਕੁੱਟ ਕੀਤੀ ਗਈ, ਜਿਸ ਕਾਰਨ ਉਕਤ ਨੌਜਵਾਨ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ 'ਚ ਨੌਜਵਾਨਾਂ ਵਲੋਂ ਉਸ ਨੂੰ ਥਾਣੇ ਦੇ ਬਾਹਰ ਸੁੱਟ ਕੇ ਚਲੇ ਗਏ, ਜਿਸ ਨੂੰ ਬਾਅਦ 'ਚ ਦੀਨਾਨਗਰ ਦੇ ਸੀ. ਐੱਚ. ਸੀ. ਸਿੰਘੋਵਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ । ਜਿਥੇ ਉਕਤ ਨੌਜਵਾਨ ਨੂੰ ਡਾਕਟਰਾਂ ਵਲੋਂ ਲਾਪਰਵਾਹੀ ਕਰਨ ਕਾਰਨ ਉਕਤ ਨੌਜਵਾਨ ਨੂੰ ਕੱਲ ਛੁੱਟੀ ਦੇ ਦਿੱਤੀ ਗਈ ਦੇਰ ਰਾਤ ਅਚਾਨਕ ਮੰਨੂ ਦੀ ਤਬੀਯਤ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ ।ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੁਲਸ ਵਲੋਂ ਵੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ 'ਚ ਲਾਪਰਵਾਹੀ ਕੀਤੀ ਗਈ ਹੈ ।ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਲਾਸ਼ ਨੂੰ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਰੱਖ ਕੇ ਚੱਕਾ ਜਾਮ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਸ ਵਲੋਂ ਲਾਸ਼ ਨੂੰ ਕਬਜੇ 'ਚ ਲੈ ਕੇ ਗਵਾਹ ਦੇ ਆਧਾਰ ਤੇ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ । ਬਾਕੀ ਰਿਪੋਰਟ ਆਉਣ ਤੇ ਮੌਤ ਦਾ ਕਾਰਨ ਪਤਾ ਚਲ ਪਾਏਗਾ। ਉਨ੍ਹਾਂ ਕਿਹਾ ਕਿ ਜੇ ਇਸ ਕੇਸ 'ਚ ਜੇ ਕੋਈ ਏ. ਐੱਸ. ਆਈ ਦੋਸ਼ੀ ਹੋਵੇਗਾ ਤਾਂ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News