ਕਾਰਗਿਲ ਸ਼ਹੀਦ ਦੀ ਧੀ ਨੇ ਅਨੋਖੇ ਢੰਗ ਨਾਲ ਦਿੱਤਾ ਸ਼ਾਂਤੀ ਦਾ ਸੰਦੇਸ਼ (ਵੀਡੀਓ)

05/02/2016 4:21:02 PM

ਜਲੰਧਰ : ਕਾਰਗਿਲ ਦੀ ਲੜਾਈ ''ਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ 19 ਸਾਲਾ ਧੀ ਨੇ ਅਨੋਖੇ ਢੰਗ ਨਾਲ ਜਿੱਥੇ ਭਾਰਤ ਅਤੇ ਪਾਕਿਸਤਾਨ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਉਥੇ ਦੋਵਾਂ ਦੇਸ਼ਾਂ ਵਿਚ ਨਫਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ। 
 ਅਸਲ ਵਿਚ 19 ਸਾਲਾ ਗੁਰਮੇਹਰ ਕੌਰ ਦੀ ਇਕ ਵੀਡੀਓ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋਈ ਹੈ, ਜਿਸ ਵਿਚ ਉਸਨੇ ਬਿਨਾਂ ਕੁਝ ਬੋਲੇ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਅਤੇ ਮਨੁੱਖਤਾ ਦਾ ਸੰਦੇਸ਼ ਬੜੇ ਤਿੱਖੇ ਢੰਗ ਨਾਲ ਦਿੱਤਾ ਹੈ। ਵੀਡੀਓ ਵਿਚ ਉਸਨੇ ਅੰਗਰੇਜ਼ੀ ''ਚ ਲਿਖੀਆਂ ਕੁਝ ਤਖਤੀਆਂ, ਫੜ ਕੇ ਦੋਵਾਂ ਦੇਸ਼ਾਂ ਤੋਂ ਸਵਾਲ ਕੀਤਾ ਹੈ ਕਿ ਆਖਿਰ ਕਿਉਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਵਿਚਲੀ ਕੁੜੱਤਣ ਖਤਮ ਨਹੀਂ ਹੋ ਰਹੀ?
ਤਖਤੀਆਂ ਰਾਹੀਂ ਉਸਨੇ ਦੱਸਿਆ ਕਿ ਉਹ ਸਿਰਫ ਦੋ ਸਾਲ ਦੀ ਸੀ, ਜਦੋਂ ਉਸਦੇ ਪਿਤਾ ਕੈਪਟਨ ਮਨਦੀਪ ਸਿੰਘ ਕਾਰਗਿਲ ਦੇ ਯੁੱਧ ਵਿਚ ਸ਼ਹੀਦ ਹੋ ਗਏ ਸਨ। ਉਸ ਸਮੇਂ ਉਸਦੀ ਭੈਣ ਬਾਨੀ ਮਹਿਜ਼ 5 ਮਹੀਨਿਆਂ ਦੀ ਸੀ। ਉਦੋਂ ਤੋਂ ਹੀ ਉਹ ਪਾਕਿਸਤਾਨ ਅਤੇ ਮੁਸਲਮਾਨਾਂ ਨੂੰ ਨਫਰਤ ਕਰਨ ਲੱਗ ਪਈ। ਇਹ ਨਫਰਤ ਏਨੀ ਵਧ ਗਈ ਕਿ 6 ਸਾਲ ਦੀ ਉਮਰ ਵਿਚ ਉਸਨੇ ਇਕ ਮੁਸਲਿਮ ਔਰਤ ਨੂੰ ਚਾਕੂ ਮਾਰ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦੀ ਮਾਂ ਨੇ ਸਮਝਾਇਆ ਕਿ ਉਸਦੇ ਪਿਤਾ ਦੀ ਮੌਤ ਦਾ ਕਾਰਣ ਪਾਕਿਸਤਾਨ ਜਾਂ ਮੁਸਲਮਾਨ ਨਹੀਂ ਸਗੋਂ ''ਯੁੱਧ'' ਹੈ ਅਤੇ ਦੋਵਾਂ ਦੇਸ਼ਾਂ ਦੇ ਉਹ ਲੋਕ ਹਨ ਜੋ ਸ਼ਾਂਤੀ ਦੇ ਦੁਸ਼ਮਣ ਹਨ। 
ਉਸ ਨੇ ਦੋਵਾਂ ਦੇਸ਼ਾਂ ਨੂੰ ਸਵਾਲ ਕੀਤਾ ਕਿ ਆਖਿਰ ਕਿਉਂ ਉਹ ਸਭ ਕੁਝ ਭੁੱਲ ਕੇ ਨਵੀਂ ਸ਼ੁਰੂਆਤ ਨਹੀਂ ਕਰਦੇ? ਜੇਕਰ ਦੂਜੀ ਸੰਸਾਰ ਜੰਗ ਲੜਨ ਵਾਲੇ ਜਰਮਨੀ ਤੇ ਫਰਾਂਸ ਮੁੜ ਮਿੱਤਰ ਬਣ ਸਕਦੇ ਹਨ, ਅਮਰੀਕਾ ਤੇ ਜਪਾਨ ਦੁਸ਼ਮਣੀ ਭੁੱਲ ਕੇ ਤਰੱਕੀ ਲਈ ਸਾਂਝਾ ਗੂੜ੍ਹੀਆਂ ਕਰ ਸਕਦੇ ਹਨ ਤਾਂ ਭਾਰਤ ਤੇ ਪਾਕਿਸਤਾਨ ਕਿਉਂ ਨਹੀਂ? ਉਸਨੇ ਭਾਰਤ ਤੇ ਪਾਕਿਸਤਾਨ ਨੂੰ ਇਮਾਨਦਾਰੀ ਨਾਲ ਸ਼ਾਂਤੀ ਤੇ ਮਿੱਤਰਤਾ ਦੇ ਰਾਹ ''ਤੇ ਕਦਮ ਵਧਾਉਣ ਦਾ ਸੰਦੇਸ਼ ਦਿੱਤਾ ਹੈ। 
ਗੁਰਮੇਹਰ ਕੌਰ ਜੋ ਕਿ ਟੈਨਿਸ ਖਿਡਾਰੀ ਹੈ ਅਤੇ ਬਾਰ੍ਹਵੀਂ ਦੀ ਵਿਦਿਆਰਥਣ ਹੈ, ਦਾ ਕਹਿਣਾ ਹੈ ਉਹ ਆਪਣੇ ਪਿਤਾ ਨੂੰ ਬਹੁਤ ਮਿਸ ਕਰਦੀ ਹੈ।


Related News