ਕਾਂਗਰਸੀਆਂ ਨੇ ਪੈਨਸ਼ਨਾਂ ਵੰਡਣੀਆਂ ਕਰਵਾਈਆਂ ਬੰਦ, ਲੋਕਾਂ ''ਚ ਭਾਰੀ ਰੋਸ

Friday, April 21, 2017 7:16 AM
ਕਾਂਗਰਸੀਆਂ ਨੇ ਪੈਨਸ਼ਨਾਂ ਵੰਡਣੀਆਂ ਕਰਵਾਈਆਂ ਬੰਦ, ਲੋਕਾਂ ''ਚ ਭਾਰੀ ਰੋਸ

ਵਲਟੋਹਾ, (ਗੁਰਮੀਤ)— ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਰਨਾਲਾ ਵਿਖੇ ਅਕਾਲੀ ਦਲ ਨਾਲ ਸਬੰਧਿਤ ਸਰਪੰਚ ਵੱਲੋਂ ਪੈਨਸ਼ਨਾਂ ਵੰਡਣ ਦੇ ਰੰਗ ''ਚ ਕੁੱਝ ਕਾਂਗਰਸੀਆਂ ਨੇ ਭੰਗ ਪਾਉਂਦਿਆਂ ਗਰੀਬਾਂ ਨੂੰ ਮਿਲ ਰਹੀਆਂ ਪੈਨਸ਼ਨਾਂ ਇਹ ਕਹਿ ਕੇ ਵੰਡਣੀਆਂ ਬੰਦ ਕਰਵਾ ਦਿੱਤੀਆਂ ਕਿ ਹੁਣ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਤੇ ਅਕਾਲੀ ਸਰਪੰਚ ਦੀ ਬਜਾਏ ਹੁਣ ਕਾਂਗਰਸੀ ਆਗੂ ਪੈਨਸ਼ਨਾਂ ਦੀ ਵੰਡ ਕਰਨਗੇ।
ਪਿੰਡ ਵਰਨਾਲਾ ਵਿਖੇ ਸਰਪੰਚ ਰਸਾਲ ਸਿੰਘ ਅਤੇ ਪੰਚਾਇਤ ਸੈਕਟਰੀ ਧਰਮਿੰਦਰ ਸਿੰਘ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਵੰਡ ਰਹੇ ਸਨ ਕਿ ਇਸ ਦੌਰਾਨ ਕਾਂਗਰਸੀ ਆਗੂ ਵੀ ਮੌਕੇ ''ਤੇ ਪਹੁੰਚ ਗਏ। ਜਿਨ੍ਹਾਂ ਬੀ. ਡੀ. ਪੀ. ਓ. ਵਲਟੋਹਾ ਗੁਰਪ੍ਰੀਤ ਸਿੰਘ ਨਾਲ ਪੰਚਾਇਤ ਸੈਕਟਰੀ ਦੀ ਗੱਲ ਕਰਵਾਈ ਤੇ ਪੈਨਸ਼ਨਾਂ ਬੰਦ ਕਰਵਾ ਦਿੱਤੀਆਂ। ਪੰਚਾਇਤ ਸੈਕਟਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂਆਂ ਵੱਲੋਂ ਬੀ. ਡੀ. ਪੀ. ਓ. ਸਾਹਿਬ ਨਾਲ ਗੱਲ ਕਰਵਾਉਣ ''ਤੇ ਪੈਨਸ਼ਨਾਂ ਵੰਡਣ ਦਾ ਕੰਮ ਫਿਲਹਾਲ ਬੰਦ ਕੀਤਾ ਗਿਆ ਹੈ ਕਿਉਂਕਿ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਹੈ ਤੇ ਹੁਣ ਅਕਾਲੀ ਨਹੀਂ ਬਲਕਿ ਕਾਂਗਰਸੀ ਪੈਨਸ਼ਨਾਂ ਵੰਡਣਗੇ। ਉਧਰ ਪਿੰਡ ਵਾਸੀਆਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਜਿੱਥੇ ਨੋਟਬੰਦੀ ਨੇ ਲੋਕਾਂ ਦਾ ਜਿਊਣਾ ਬੇਹਾਲ ਕੀਤਾ ਸੀ ਉਥੇ ਹੀ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਗਰੀਬ ਲੋਕ ਪੈਨਸ਼ਨਾਂ ਤੋਂ ਵਾਂਝੇ ਸਨ ਤੇ ਹੁਣ ਸਰਕਾਰ ਬਣਨ ਤੋਂ ਬਾਅਦ ਵੀ ਇਕ ਦੂਸਰੇ ਨਾਲ ਕਿੜ ਕੱਢਣ ਦਾ ਸੰਤਾਪ ਆਮ ਤੇ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੈਨਸ਼ਨਰਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪੈਨਸ਼ਨਾਂ ਵੰਡਣ ਦਾ ਕੰਮ ਜਿੱਥੇ ਬਿਨਾਂ ਕਿਸੇ ਭੇਦ ਭਾਵ ਦੇ ਕੀਤਾ ਜਾਵੇ ਉਥੇ ਹੀ ਕਿਸੇ ਨਾਲ ਵੀ ਧੱਕੇਸ਼ਾਹੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੈਨਸ਼ਨਾਂ ਪਾਰਦਰਸ਼ੀ ਢੰਗ ਨਾਲ ਵੰਡੀਆਂ ਜਾਣੀਆਂ ਚਾਹੀਦੀਆਂ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!