ਪੁਲਸ ਸਟੇਸ਼ਨ ਦੀ ਖਸਤਾਹਾਲ ਇਮਾਰਤ ਕਰਦੀ ਐ ਡਿੱਗੂੰ-ਡਿੱਗੂੰ

12/12/2017 6:08:21 AM

ਗਿੱਦੜਬਾਹਾ, (ਸੰਧਿਆ)- ਵੈਸੇ ਤਾਂ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣਿਆਂ 'ਚ ਹਰ ਤਰ੍ਹਾਂ ਦੀ ਸਹੂਲਤ ਹੈ ਅਤੇ ਲੋਕਾਂ ਨੂੰ ਥਾਣੇ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਹਕੀਕਤ ਕੁਝ ਹੋਰ ਹੀ ਹੈ।
ਜ਼ਿਕਰਯੋਗ ਹੈ ਕਿ ਥਾਣਿਆਂ ਦੀਆਂ ਇਮਾਰਤਾਂ ਅਜੇ ਤੱਕ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹੀ ਬਣੀਆਂ ਹੋਈਆਂ ਹਨ ਅਤੇ ਇਹ ਖਸਤਾਹਾਲ ਇਮਾਰਤਾਂ ਹਰ ਵੇਲੇ ਡਿੱਗੂੰ-ਡਿੱਗੂੰ ਕਰਦੀਆਂ ਹਨ, ਜੋ ਕਿ ਕਿਸੇ ਸਮੇਂ ਵੀ ਡਿੱਗ ਸਕਦੀਆਂ ਹਨ ਅਤੇ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਥਾਣਿਆਂ ਦੀ ਬਿਲਡਿੰਗ 'ਚ ਘਾਹ ਉੱਗਿਆ ਹੋਇਆ ਹੈ। ਇਹ ਸਭ ਦੇਖਣ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਉੱਚ ਅਧਿਕਾਰੀਆਂ ਵੱਲੋਂ ਕਦੇ ਇਨ੍ਹਾਂ ਥਾਣਿਆਂ ਦਾ ਨਿਰੀਖਣ ਹੀ ਨਾ ਕੀਤਾ ਗਿਆ ਹੋਵੇ। ਥਾਣਿਆਂ ਦੀ ਹਾਲਤ ਖਸਤਾ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਦੁਬਾਰਾ ਬਣਾਉਣਾ ਤਾਂ ਦੂਰ ਇਨ੍ਹਾਂ ਦੀ ਮੁਰੰਮਤ ਤੱਕ ਵੀ ਨਹੀਂ ਕੀਤੀ ਜਾ ਰਹੀ ਹੈ। 
ਪਾਣੀ ਦਾ ਯੋਗ ਪ੍ਰਬੰਧ ਨਹੀਂ
ਕਈ ਥਾਣਿਆਂ ਵਿਚ ਤਾਂ ਹਾਲਤ ਹੋਰ ਵੀ ਬਦਤਰ ਹਨ, ਉੱਥੇ ਪਖਾਨਿਆਂ ਦੀ ਸਫਾਈ ਨਾ ਹੋਣ ਕਾਰਨ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਥਾਣਿਆਂ 'ਚ ਤਾਂ ਪਾਣੀ ਦਾ ਵੀ ਸਹੀ ਪ੍ਰਬੰਧ ਨਹੀਂ, ਜਿਸ ਕਾਰਨ ਪੁਲਸ ਮੁਲਾਜ਼ਮਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਜਾਂਦਾ ਹੈ। 
ਗਿੱਦੜਬਾਹਾ ਨੂੰ ਵਸਿਆਂ ਹੋ ਗਏ ਨੇ 108 ਸਾਲ 
ਸਾਲ 1909 ਵਿਚ ਗਿੱਦੜਬਾਹਾ ਦੀ ਸਥਾਪਨਾ ਹੋਈ ਅਤੇ 108 ਸਾਲ ਗਿੱਦੜਬਾਹਾ ਨੂੰ ਆਬਾਦ ਹੋਇਆਂ ਹੋ ਗਏ ਹਨ। ਅੰਗਰੇਜ਼ਾਂ ਦੇ ਜ਼ਮਾਨੇ ਤੋਂ ਬਣੀ ਰੇਲਵੇ ਸਟੇਸ਼ਨ ਕੋਲ ਇਕ ਇਮਾਰਤ, ਜਿਸ ਵਿਚ ਇਕ ਪੁਲਸ ਸਟੇਸ਼ਨ ਚੱਲ ਰਿਹਾ ਹੈ। ਆਜ਼ਾਦੀ ਦੇ 70 ਸਾਲ ਬੀਤਣ ਤੋਂ ਬਾਅਦ ਵੀ ਪੁਲਸ ਸਟੇਸ਼ਨ ਨੂੰ ਇਕ ਆਧੁਨਿਕ ਪੁਲਸ ਸਟੇਸ਼ਨ ਨਾ ਮਿਲਣ ਦੀ ਕਮੀ ਰਹੀ। ਪੁਲਸ ਸਟੇਸ਼ਨ ਦੀ ਇਮਾਰਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਜੇਕਰ ਉਕਤ ਇਮਾਰਤ 'ਤੇ ਕਬੂਤਰ ਵੀ ਬੈਠਦੇ ਹਨ ਤਾਂ ਹੇਠਾਂ ਬੈਠੇ ਬੰਦਿਆਂ ਨੂੰ ਬਾਲਿਆਂ ਵਾਲੀ ਛੱਤ ਦੇ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ।
ਇੱਥੇ ਪੁਲਸ ਮੁਲਾਜ਼ਮਾਂ ਤਰੇੜਾਂ ਵਾਲੀਆਂ ਛੱਤਾਂ ਹੇਠਾਂ ਬੈਠ ਕੇ ਡਿਊਟੀ ਕਰਨ ਲਈ ਮਜਬੂਰ ਹਨ ਅਤੇ ਜਾਨ ਤਲੀ 'ਤੇ ਧਰ ਕੇ ਕੰਮ ਕਰਦੇ ਹਨ। ਜ਼ਿਕਰਯੋਗ ਹੈ ਕਿ ਪੁਲਸ ਸਟੇਸ਼ਨ ਨੂੰ ਨਵੀਂ ਇਮਾਰਤ ਦੇਣ ਲਈ ਪਿਛਲੇ ਦੋ ਸਾਲਾਂ ਤੋਂ ਪ੍ਰੋਗਰਾਮ ਵਿੱਢਿਆ ਜਾ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਵਰਤੀ ਗਈ ਕੁਤਾਹੀ ਕਾਰਨ ਅੱਜ ਵੀ ਪੁਲਸ ਮੁਲਾਜ਼ਮ ਖਸਤਾ ਹਾਲਤ ਇਮਾਰਤ ਹੇਠ ਕੰਮ ਕਰ ਰਹੇ ਹਨ।


Related News