''ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ, ਨਸ਼ਾ ਦੇਸ਼ ''ਚ ਰਹਿਣ ਨਹੀਂ ਦੇਣਾ'' ਦੇ ਨਾਅਰੇ ਨਾਲ ਗੂੰਜਿਆ ਸ਼ਹਿਰ

06/27/2017 12:19:42 AM

ਮੋਗਾ,  (ਆਜ਼ਾਦ)-  ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਮੋਗਾ ਪੁਲਸ ਵੱਲੋਂ ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਨੇਚਰ ਪਾਰਕ 'ਚ ਇਕ ਸੈਮੀਨਾਰ ਤੋਂ ਇਲਾਵਾ ਸ਼ਹਿਰ ਵਿਚ ਇਕ ਵਿਸ਼ਾਲ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਐੱਸ. ਪੀ. ਬਲਵੀਰ ਸਿੰਘ ਖਹਿਰਾ ਨੇ ਕੀਤੀ। 
ਸੈਮੀਨਾਰ ਅਤੇ ਰੈਲੀ ਵਿਚ ਮੋਗਾ ਦੇ ਦਵਾਈ ਵਿਕ੍ਰੇਤਾਵਾਂ ਤੋਂ ਇਲਾਵਾ ਪਿੰਡਾਂ 'ਚ ਕੰਮ ਕਰਨ ਵਾਲੇ ਆਰ. ਐੱਮ. ਪੀ. ਡਾਕਟਰ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ, ਮਜ਼ਦੂਰਾਂ ਅਤੇ ਹੋਰ ਸ਼ਹਿਰ ਦੇ ਪਤਵੰਤਿਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਵਿਅਕਤੀ 'ਤੇ ਸ਼ੱਕ ਹੈ ਤਾਂ ਉਹ ਇਸ ਦੀ ਜਾਣਕਾਰੀ ਪੁਲਸ ਨੂੰ ਦੇਵੇ। ਦੱਸਣ ਵਾਲੇ ਦਾ ਪਤਾ ਅਤੇ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਇਲਾਜ ਮੁਫਤ ਕਰਵਾਇਆ ਜਾਵੇਗਾ ਤਾਂ ਕਿ ਉਨ੍ਹਾਂ ਦਾ ਪਰਿਵਾਰ ਬਰਬਾਦ ਹੋਣੋਂ ਬਚ ਸਕੇ।  
ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਕਈ ਪਰਿਵਾਰ ਤਬਾਹ ਹੋ ਚੁੱਕੇ ਹਨ। ਇਸ ਲਈ ਸਾਨੂੰ ਹੋਰ ਕਿਸੇ ਦੇ ਪਰਿਵਾਰ ਨੂੰ ਬਰਬਾਦ ਹੋਣੋਂ ਬਚਾਉਣ ਲਈ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹ ਸਭ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। 
ਇਸ ਸਮੇਂ ਕੈਮਿਸਟਾਂ ਅਤੇ ਪਿੰਡਾਂ ਵਿਚ ਕੰਮ ਕਰਨ ਵਾਲੇ ਡਾਕਟਰਾਂ ਨੇ ਪ੍ਰਣ ਲਿਆ ਕਿ ਉਹ ਨਸ਼ੇ ਦੀ ਕੋਈ ਦਵਾਈ ਵਿਕਰੀ ਨਹੀਂ ਕਰਗੇ ਅਤੇ ਜੇਕਰ ਕੋਈ ਅਜਿਹੀ ਦਵਾਈ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਉਸ ਦਾ ਜੀਵਨ ਬਚ ਸਕੇ। ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਲੋਕਾਂ ਨੇ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਖਤਮ ਕਰਨ ਲਈ ਪੁਲਸ ਪ੍ਰਸ਼ਾਸਨ ਦਾ ਸਾਥ ਦੇਣ ਦਾ ਪ੍ਰਣ ਵੀ ਲਿਆ। 
ਜਿਵੇਂ ਹੀ ਰੈਲੀ ਨੇਚਰ ਪਾਰਕ ਤੋਂ ਅਰੰਭ ਹੋ ਕੇ ਪੁਲ ਤੋਂ ਹੁੰਦੀ ਹੋਈ ਸ਼ਹਿਰ ਦੇ ਮੇਨ ਬਾਜ਼ਾਰ 'ਚ ਦਾਖਲ ਹੋਈ ਤਾਂ ਰੈਲੀ ਵਿਚ ਪੁਲਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ, ਮਜ਼ਦੂਰਾਂ, ਡਾਕਟਰਾਂ ਵੱਲੋਂ ਆਮ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ 'ਨਸ਼ੇ ਛੱਡੋ, ਅਮਲੀ ਕਿਸੇ ਨੂੰ ਕਹਿਣ ਨਹੀਂ ਦੇਣਾ-ਨਸ਼ਾ ਦੇਸ਼ 'ਚ ਰਹਿਣ ਨਹੀਂ ਦੇਣਾ, ਘਰ-ਘਰ ਦਾ ਇਹੀ ਸੰਦੇਸ਼-ਨਸ਼ਾ ਮੁਕਤ ਹੋਵੇ ਸਾਡਾ ਦੇਸ਼' ਆਦਿ ਨਾਅਰੇ ਲਾਏ ਗਏ, ਜਿਸ ਨਾਲ ਸਾਰਾ ਸ਼ਹਿਰ ਗੂੰਜ ਉਠਿਆ। 
ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ) ਮਾਣਯੋਗ ਜ਼ਿਲਾ ਸੈਸ਼ਨ ਜੱਜ ਮੋਗਾ ਐੱਸ. ਕੇ. ਗਰਗ, ਸਿਵਲ ਜੱਜ ਮੋਗਾ ਵਿਨੀਤ ਕੁਮਾਰ ਨਾਰੰਗ ਦੇ ਹੁਕਮਾਂ ਤਹਿਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲੀਗਲ ਏਡ ਕਲੀਨਿਕ ਮਾਛੀਕੇ ਵਿਖੇ ਨਸ਼ਾਖੋਰੀ ਅਤੇ ਗੈਰ-ਸਮੱਗਲਿੰਗ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। 
ਇਸ ਸਮੇਂ ਡਿਊਟੀ ਐਡਵੋਕੇਟ ਰਾਜੇਸ਼ ਸ਼ਰਮਾ ਨੇ ਹਾਜ਼ਰੀਨ ਨੂੰ ਨਸ਼ਿਆਂ ਦੀ ਵਰਤੋਂ ਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਨਾਲ ਜਿੱਥੇ ਸਮੇਂ ਤੋਂ ਪਹਿਲਾਂ ਮੌਤ ਦਸਤਕ ਦਿੰਦੀ ਹੈ, ਉੱਥੇ ਹੀ ਮਨੁੱਖੀ ਸਰੀਰ 'ਚ ਆਤਮ-ਹੱਤਿਆ ਦਾ ਵਿਚਾਰ ਵੀ ਪੈਦਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਮਰਦਾਂ 'ਚ ਨਪੁੰਸਕਤਾ, ਸਰੀਰ ਦੇ ਅੰਗਾਂ ਦਾ ਨੁਕਸਾਨ ਅਤੇ ਔਰਤਾਂ 'ਚ ਬਾਂਝਪਣ ਦੀ ਸਮੱਸਿਆ ਪੈਦਾ ਹੁੰਦੀ ਹੈ। 
ਇਸ ਤੋਂ ਇਲਾਵਾ ਦਿਲ, ਫੇਫੜੇ, ਗੁਰਦੇ, ਜਿਗਰ ਦੀਆਂ ਭਿਆਨਕ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇੱਥੇ ਹੀ ਬੱਸ ਨਹੀਂ, ਇਸ ਨਾਲ ਪਰਿਵਾਰਕ ਝਗੜੇ ਅਤੇ ਇਸ ਦੀ ਵਰਤੋਂ ਕਰ ਕੇ ਵਾਹਨ ਚਲਾਉਣ ਵਾਲਾ ਆਪਣੀ ਤੇ ਹੋਰਨਾਂ ਦੀ ਮੌਤ ਦਾ ਵੀ ਕਾਰਨ ਬਣਦਾ ਹੈ। ਨਸ਼ਾ ਸਮੱਗਲਰਾਂ ਖਿਲਾਫ ਸਰਕਾਰ ਨੇ ਸਖਤ ਕਾਨੂੰਨ ਬਣਾਏ ਹਨ। ਇਸ ਲਈ ਆਪਣੇ ਸਮਾਜ ਨੂੰ ਇਸ ਭਿਆਨਕ ਅਲਾਮਤ ਤੋਂ ਮੁਕਤ ਕਰਨ ਲਈ ਨਸ਼ਾ ਸਮੱਗਲਰਾਂ ਬਾਰੇ ਨਿਡਰਤਾ ਨਾਲ ਪੁਲਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇ।  ਇਸ ਦੌਰਾਨ ਐਡਵੋਕੇਟ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਤੋਂ ਪੀੜਤ ਲੋਕਾਂ ਲਈ ਨਸ਼ਾ ਛੁਡਾਊ ਕੇਂਦਰ ਅਤੇ ਸਰਕਾਰੀ ਪੁਨਰਵਾਸ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਤਾਂ ਜੋ ਉਹ ਸਮਾਜ ਨੂੰ ਨਿਗਲਣ ਲਈ ਮੂੰਹ ਅੱਡੀ ਖੜ੍ਹੀ ਇਸ ਸਮੱਸਿਆ ਦੇ ਖਾਤਮੇ ਲਈ ਅੱਗੇ ਆਉਣ। ਇਸ ਸਮੇਂ ਰਣਜੀਤ ਕੁਮਾਰ ਬਾਵਾ, ਡਾ. ਰਾਜਵਿੰਦਰ ਰੌਂਤਾ, ਜਗਸੀਰ ਸਿੰਘ ਲੁਹਾਰਾ, ਚਮਕੌਰ ਸਿੰਘ, ਕੁਲਵੰਤ ਸਿੰਘ ਮਿਸਤਰੀ, ਇੰਦਰਜੀਤ ਸਿੰਘ ਆਦਿ ਮੌਜੂਦ ਸਨ।
ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਨਸ਼ਾਖੋਰੀ ਅਤੇ ਗੈਰ-ਸਮੱਗਲਿੰਗ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ। ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਸਟੇਡੀਅਮ ਵਿਖੇ ਕਰਵਾਏ ਗਏ ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਸਰਬਜੀਤ ਸਿੰਘ ਅਤੇ ਥਾਣਾ ਮੁਖੀ ਰਵਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਸਮੱਗਲਰ ਬੇਸ਼ੱਕ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ, ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 
ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਮੁੱਦਾ ਪੂਰੇ ਵਿਸ਼ਵ ਲਈ ਮੁੱਖ ਚੁਣੌਤੀ ਬਣ ਚੁੱਕਾ ਹੈ, ਜੋ ਕਿ ਸਾਡੇ ਭਾਈਚਾਰਕ ਰਿਸ਼ਤਿਆਂ ਨੂੰ ਵੀ ਤੋੜ ਰਿਹਾ ਹੈ। ਸਾਡੇ ਬੱਚੇ ਦਿਨ-ਬ-ਦਿਨ ਇਸ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਦੇ ਸਹਿਯੋਗ ਦੀ ਅਪੀਲ ਕੀਤੀ। 
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਸਮੱਗਲਰਾਂ ਖਿਲਾਫ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਪੁਲਸ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖੇਗੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਹਲਕੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਪੁਲਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। 


Related News